ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਪਰਵੀਨ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਮੁਲਾਜ਼ਮ ਨੂੰ ਗੋਲੀ ਮਾਰੀ ਗਈ ਸੀ। ਪੁਲਿਸ ਨੇ ਇਸ ਦੀ ਪੁਸ਼ਟੀ ਗੋਲੀਬਾਰੀ ਰਾਹੀਂ ਕੀਤੇ ਗਏ ਕਤਲ ਵਜੋਂ ਕੀਤੀ ਹੈ। ਪਠਾਨਕੋਟ ਵਿੱਚ ਵਾਹਨ ਖੋਹਣ ਦੇ ਮਾਮਲੇ ਨਾਲ ਇਸ ਘਟਨਾ ਦਾ ਹਾਲੇ ਤੱਕ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ। ਪੀੜਤ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ। ਇਸ ਵਾਰਦਾਤ ਤੋਂ ਬਾਅਦ ਪੂਰੇ ਸੂਬੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਕਤ ਮੁਲਾਜ਼ਮ ਨੇ ਉਨ੍ਹਾਂ ਵਿਅਕਤੀਆਂ ਤੋਂ ਲਿਫਟ ਲਈ ਸੀ, ਜਿਨ੍ਹਾਂ ਨੇ ਬਾਅਦ ਵਿੱਚ ਉਸਦਾ ਕਤਲ ਕਰ ਦਿੱਤਾ। ਹੈੱਡ ਕਾਂਸਟੇਬਲ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਇੱਕ ਪੋਸਟ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ, ਏ.ਡੀ.ਜੀ.ਪੀ. (ADGP) ਨੇ ਇਸ ਮਾਮਲੇ ਵਿੱਚ ਕਿਸੇ ਅੱਤਵਾਦੀ ਪਹਿਲੂ ਦੇ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸੰਭਾਵਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਂਸਟੇਬਲ ਦੇ ਕਤਲ ਪਿੱਛੇ ਅਸਲ ਮਕਸਦ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।
“ਟੈਕਨੀਕਲ ਸਰਵਿਸਸ ਵਿੰਗ ਦਾ ਸਾਡਾ ਸੀਨੀਅਰ ਇੱਕ ਕਾਂਸਟੇਬਲ ਵਿਨੋਦ ਕੁਮਾਰ ਸੀ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਹੋ ਚੁੱਕਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਚੁੱਕੀ ਹੈ। ਸੀਨੀਅਰ ਅਫਸਰਾਂ ਦੀ ਮੌਜੂਦਗੀ ਵਿੱਚ ਸਸਕਾਰ ਕੀਤਾ ਜਾਵੇਗਾ। ਸੋਸ਼ਲ ਮੀਡੀਆ ’ਤੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਗਈ ਹੈ ਉਸਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। ਗੋਲੀ ਮਾਰਨ ਦਾ ਮਕਸਦ ਸਾਹਮਣੇ ਨਹੀਂ ਆਇਆ ਹੈ। ਜਾਂਚ ਤੋਂ ਬਾਅਦ ਹੀ ਸਾਰੀ ਗੱਲ ਸਾਫ ਹੋਵੇਗੀ। ਗੋਲੀ ਸਿਰ ਵਿੱਚ ਮਾਰੀ ਗਈ ਹੈ।”-ਪਰਵੀਨ ਕੁਮਾਰ,ਏਡੀਜੀਪੀ












