ਪੰਜਾਬ ਵਿੱਚ ਹੋਲਾ ਮਹੱਲਾ ਦੇ ਆਖਰੀ ਦਿਨ ਮੰਗਲਵਾਰ ਨੂੰ ਆਨੰਦਪੁਰ ਸਾਹਿਬ ਵਿਖੇ ਨਿਹੰਗਾਂ ਨੇ ਆਪਣੀ ਗੱਤਕੇ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਅੰਮ੍ਰਿਤਸਰ ਵਿੱਚ ਵੀ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੱਤੀ।
ਦੱਸ ਦਈਏ ਕਿ ਤਿੰਨ ਦਿਨ ਚੱਲਣ ਵਾਲੇ ਇਸ ਤਿਉਹਾਰ ਦਾ ਸਿੱਖ ਧਰਮ ਵਿੱਚ ਵਿਸ਼ੇਸ਼ ਸਥਾਨ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ 17ਵੀਂ ਸਦੀ ਵਿਚ ਮੁਗਲ ਸਲਤਨਤ ਨਾਲ ਯੁੱਧ ਲੜਿਆ ਸੀ ਨੇ ਆਪਣੀ ਫ਼ੌਜ ਦੇ ਲੜਨ ਦੇ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੋਲਾ ਮਹੱਲਾ ਸ਼ੁਰੂ ਕੀਤਾ ਸੀ।
ਤਿੰਨ ਦਿਨ ਤੱਕ ਚੱਲੇ ਇਸ ਹੋਲਾ ਮਹੱਲੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਿਆਰੀ ਫੌਜ ਵਜੋਂ ਜਾਣੇ ਜਾਂਦੇ ਨਿਹੰਗ ਜਥਿਆਂ ਨੇ ਆਪਣੇ ਯੁੱਧ ਦੇ ਜੌਹਰ ਦਿਖਾਏ। ਇਸ ਦੌਰਾਨ ਸਿੱਖਾਂ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਦੇ ਨਾਗਰਿਕ ਜੋ ਨਿਹੰਗ ਬਣ ਚੁੱਕੇ ਹਨ ਵੀ ਇੱਥੇ ਪਹੁੰਚੇ।
ਇਨ੍ਹਾਂ ਵਿੱਚ ਇੱਕ ਵਿਦੇਸ਼ੀ ਲੜਕੀ ਵੀ ਸ਼ਾਮਲ ਸੀ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਹੋਲਾ ਮਹੱਲਾ ਸਮਾਗਮ ਦੌਰਾਨ ਸਾਢੇ ਤਿੰਨ ਲੱਖ ਤੋਂ ਵੱਧ ਸ਼ਰਧਾਲੂ ਆਨੰਦਪੁਰ ਸਾਹਿਬ ਪੁੱਜੇ। ਇੱਕ ਅੰਦਾਜ਼ੇ ਅਨੁਸਾਰ ਇਸ ਵਾਰ ਹੋਲਾ ਮਹੱਲਾ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ 4 ਗੁਣਾ ਵੱਧ ਲੋਕ ਆਨੰਦਪੁਰ ਸਾਹਿਬ ਪਹੁੰਚੇ।












