ਹਰਿਆਣਾ ਦੇ ਨੂਹ ‘ਚ ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਸਵੇਰੇ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਤੇਜ਼ ਰਫਤਾਰ ‘ਤੇ ਜਾ ਰਹੀ ਈਕੋ ਸਪੋਰਟਸ ਕਾਰ ਦੇ ਸੰਤੁਲਨ ਵਿਗੜਨ ਕਾਰਨ ਵਾਪਰਿਆ। ਕਾਰ ਡਿਵਾਈਡਰ ਨਾਲ ਟਕਰਾ ਕੇ ਹੇਠਾਂ ਡਿੱਗ ਗਈ। ਜ਼ਖਮੀਆਂ ਨੂੰ ਨਲਹੜ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਇੱਕ ਬੱਚਾ ਵੀ ਸ਼ਾਮਲ ਹੈ।
ਜਾਣਕਾਰੀ ਦਿੰਦਿਆਂ ਨੂਹ ਦੇ ਪਿਨਗੰਵਾ ਥਾਣੇ ਦੇ ਜਾਂਚ ਅਧਿਕਾਰੀ ਬਾਬੂਲਾਲ ਨੇ ਦੱਸਿਆ ਕਿ ਮੇਰਠ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੀ ਈਕੋ ਸਪੋਰਟ ਕਾਰ ਵਿੱਚ ਉਜੈਨ ਜਾ ਰਿਹਾ ਸੀ। ਇਸ ਵਿੱਚ ਪਰਿਵਾਰ ਦੇ 6 ਮੈਂਬਰ ਅਤੇ ਇੱਕ ਡਰਾਈਵਰ ਸਵਾਰ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਨੂਹ ਜ਼ਿਲੇ ‘ਚ ਦਿੱਲੀ ਮੁੰਬਈ ਐਕਸਪ੍ਰੈੱਸ ਵੇਅ ‘ਤੇ ਪਿਨਗੰਵਾ ਨੇੜੇ ਝਿਮਰਾਵਟ ਪਿੰਡ ਪਹੁੰਚੀ ਤਾਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ। ਇਸ ਤੋਂ ਬਾਅਦ ਕਾਰ ਡਿਵਾਈਡਰ ਨਾਲ ਟਕਰਾ ਗਈ।
ਦੱਸ ਦਈਏ ਕਿ ਹਾਦਸੇ ਤੋਂ ਬਾਅਦ ਲੋਕਾਂ ਨੇ ਸਾਰਿਆਂ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਪੁਰਸ਼ ਪ੍ਰਿਯਾਂਸ਼ੂ, ਦੀਪਾਂਸ਼ੂ ਅਤੇ ਇੱਕ 12 ਸਾਲਾ ਬੱਚਾ ਪੀਯੂਸ਼ ਅਤੇ ਇੱਕ 40 ਸਾਲਾ ਔਰਤ ਆਂਚਲ ਸ਼ਾਮਲ ਹਨ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।












