ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਮੰਗਲਵਾਰ ਨੂੰ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ। 12ਵੀਂ ਜਮਾਤ ਵਿੱਚ ਲੜਕਿਆਂ ਨੇ ਜਿੱਥੇ ਚੋਟੀ ਦੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ, ਉੱਥੇ ਹੀ 8ਵੀਂ ਜਮਾਤ ਵਿੱਚ ਲੜਕੀਆਂ ਨੇ ਜਿੱਤ ਹਾਸਲ ਕੀਤੀ ਹੈ।

ਦੱਸ ਦਈਏ ਕਿ 8ਵੀਂ ਜਮਾਤ ਦੀ ਪ੍ਰੀਖਿਆ PSEB ਵੱਲੋਂ 7 ਮਾਰਚ ਤੋਂ 27 ਮਾਰਚ ਦਰਮਿਆਨ ਕਰਵਾਈ ਗਈ ਸੀ, ਜਦਕਿ 12ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਦਰਮਿਆਨ ਕਰਵਾਈ ਗਈ ਸੀ। 8ਵੀਂ ਜਮਾਤ ਵਿਚ 291917 ਬੱਚਿਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚ 286987 ਬੱਚੇ ਪਾਸ ਹੋਏ। ਨਤੀਜਾ 98.31% ਰਿਹਾ। 12ਵੀਂ ਜਮਾਤ ਵਿਚੋਂ ਕੁੱਲ 284452 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚ 153424 ਮੁੰਡਿਆਂ ਨੇ ਪ੍ਰੀਖਿਆ ਦਿੱਤੀ, ਪਾਸ 139210 ਹੋਏ, 131025 ਕੁੜੀਆਂ ਨੇ ਪ੍ਰੀਖਿਆ ਦਿੱਤੀ, ਪਾਸ 125449 ਹੋਈਆਂ। ਵਿਦਿਆਰਥੀ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖ ਸਕਣਗੇ।

ਇਸ ਸਾਲ ਪੰਜਾਬ ਬੋਰਡ 12ਵੀਂ ਜਮਾਤ ਵਿੱਚ 93.04 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 12ਵੀਂ ਜਮਾਤ ਵਿੱਚ ਲੜਕਿਆਂ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇੰਟਰਮੀਡੀਏਟ ਦੀ ਪ੍ਰੀਖਿਆ ਵਿੱਚ ਏਕਮਪ੍ਰੀਤ ਸਿੰਘ ਪਹਿਲੇ, ਰਵਿਉਦੈ ਸਿੰਘ ਦੂਜੇ ਸਥਾਨ ’ਤੇ ਰਿਹਾ। ਇਸ ਦੇ ਨਾਲ ਹੀ ਅਸ਼ਵਨੀ ਨੇ ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।












