ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਦੇ ਰਿਲੀਜ਼ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਮਰਹੂਮ ਗਾਇਕ ਦੇ ਮਾਪੇ ਬਲਕੌਰ ਸਿੰਘ ਅਤੇ ਚਰਨ ਕੌਰ ਨੇ ਮਿਊਜ਼ਿਕ ਲੇਬਲ ‘ਸਾਗਾ ਮਿਊਜ਼ਿਕ’ ਵੱਲੋਂ ਉਨ੍ਹਾਂ ਦਾ ਗੀਤ ‘ਫੈਂਟਮ’ ਰਿਲੀਜ਼ ਕੀਤੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਮਾਪਿਆਂ ਦਾ ਇਲਜ਼ਾਮ ਹੈ ਕਿ ਇਹ ਗੀਤ ਉਨ੍ਹਾਂ ਦੀ ਇਜਾਜ਼ਤ ਅਤੇ ਜਾਇਜ਼ ਦਸਤਾਵੇਜ਼ੀ ਅਧਿਕਾਰ ਤੋਂ ਬਿਨਾਂ ਜਾਰੀ ਕੀਤਾ ਗਿਆ ਹੈ।
ਪਰਿਵਾਰ ਮੁਤਾਬਕ ਉਨ੍ਹਾਂ ਨੇ ਮਿਊਜ਼ਿਕ ਲੇਬਲ ਨੂੰ ਪਹਿਲਾਂ ਹੀ ਗੀਤ ਦੀ ਰਿਲੀਜ਼ ਰੋਕਣ ਅਤੇ ਮਾਮਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਅਪੀਲ ਕੀਤੀ ਸੀ, ਪਰ ਇਸ ਦੇ ਬਾਵਜੂਦ ਗੀਤ ਰਿਲੀਜ਼ ਕਰ ਦਿੱਤਾ ਗਿਆ। ਬਲਕੌਰ ਸਿੰਘ ਅਤੇ ਚਰਨ ਕੌਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੀ ਵਿਰਾਸਤ ਅਤੇ ਸੰਗੀਤ ਨਾਲ ਜੁੜੇ ਅਧਿਕਾਰਾਂ ਦੀ ਰਾਖੀ ਲਈ ਕਾਨੂੰਨੀ ਕਾਰਵਾਈ ਕਰ ਰਹੇ ਹਨ।
ਪਰਿਵਾਰ ਨੇ ਹੋਰ ਕਲਾਕਾਰਾਂ ਅਤੇ ਮਿਊਜ਼ਿਕ ਕੰਪਨੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਿੱਧੂ ਦੇ ਗੀਤਾਂ ਦੀ ਰਿਲੀਜ਼ ਜਾਂ ਉਨ੍ਹਾਂ ਦੇ ਸੰਗੀਤ ਨਾਲ ਜੁੜਿਆ ਕੋਈ ਵੀ ਜਨਤਕ ਐਲਾਨ ਕਰਨ ਤੋਂ ਪਹਿਲਾਂ ਪਰਿਵਾਰ ਨਾਲ ਸੰਪਰਕ ਕੀਤਾ ਜਾਵੇ। ਇਹ ਪੂਰੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਸਾਂਝੀ ਕੀਤੀ ਹੈ।
ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਦੀ ਆਵਾਜ਼ ਦੁਨੀਆ ਭਰ ਵਿੱਚ ਗੂੰਜਦੀ ਰਹੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪਹਿਲਾਂ ਤੋਂ ਰਿਕਾਰਡ ਕੀਤੇ ਗੀਤ ਹੌਲੀ-ਹੌਲੀ ਰਿਲੀਜ਼ ਕੀਤੇ ਜਾਂਦੇ ਰਹੇ। ਹਾਲ ਹੀ ਵਿੱਚ ਗਾਇਕ ਦਾ ਟਰਾਂਟੋ ਵਿਖੇ ਹੋਲੋਗ੍ਰਾਮ ਸ਼ੋਅ ਵੀ ਕੀਤਾ ਗਿਆ, ਜਿੱਥੇ ਪੰਜਾਬੀ ਸੰਗੀਤ ਨਾਲ ਜੁੜੇ ਕਈ ਨਾਮੀ ਚਿਹਰਿਆਂ ਨੇ ਉਨਾਂ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ, ਜਿਸ ਸੰਬੰਧੀ ਵੀਡੀਓਜ਼ ਨੇ ਕਈ ਦਿਨ ਸੋਸ਼ਲ ਮੀਡੀਆ ਉਤੇ ਆਪਣਾ ਕਬਜ਼ਾ ਰੱਖਿਆ।
ਸਾਗਾ ਮਿਊਜ਼ਿਕ ਦਾ ਬਿਆਨ
ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਬਿਆਨ ਤੋਂ ਬਾਅਦ ‘ਸਾਗਾ ਮਿਊਜ਼ਿਕ’ ਦਾ ਵੀ ਬਿਆਨ ਸਾਹਮਣੇ ਆ ਗਿਆ ਹੈ, ਉਨਾਂ ਨੇ ਸੋਸ਼ਲ ਮੀਡੀਆ ਉਤੇ ਲਿਖਿਆ: “ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੀ ਸਭ ਤੋਂ ਵੱਡੀ ਤਾਕਤ ਰਹੇ ਹਨ ਅਤੇ ਹਮੇਸ਼ਾ ਰਹਿਣਗੇ। ਅਸੀਂ ਫੈਂਟਮ ਨੂੰ ਰਿਲੀਜ਼ ਕਰਨ ਦੇ ਅਧਿਕਾਰਾਂ ਸੰਬੰਧੀ ਕੁਝ ਪ੍ਰਸ਼ੰਸਕਾਂ ਦੁਆਰਾ ਉਠਾਏ ਜਾ ਰਹੇ ਜਜ਼ਬਾਤਾਂ ਅਤੇ ਸਵਾਲਾਂ ਨੂੰ ਸਮਝਦੇ ਹਾਂ। ਸਾਡਾ ਮੰਨਣਾ ਹੈ ਕਿ ਪੂਰੀ ਪਾਰਦਰਸ਼ਤਾ ਅਤੇ ਸਤਿਕਾਰ ਨਾਲ ਤੱਥਾਂ ਨੂੰ ਸਪੱਸ਼ਟ ਕਰਨਾ ਮਹੱਤਵਪੂਰਨ ਹੈ। ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਇੱਕ ਪ੍ਰਸਿੱਧ ਕਲਾਕਾਰ ਸੀ, ਜਿਸਦਾ ਪੰਜਾਬੀ ਸੰਗੀਤ ਵਿੱਚ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਨੂੰ ਉਸਦਾ, ਉਸਦੀ ਵਿਰਾਸਤ ਦਾ ਅਤੇ ਉਸਦੇ ਪਰਿਵਾਰ ਦਾ ਬਹੁਤ ਸਤਿਕਾਰ ਹੈ।”












