ਰਾਏਕੋਟ ਦੇ ਤਾਜਪੁਰ ਚੌਕ ਨੇੜੇ ਮੰਗਲਵਾਰ ਦੇਰ ਰਾਤ ਹੋਏ ਸੜਕ ਹਾਦਸੇ ਵਿੱਚ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਵਿਅਕਤੀ ਟਰੱਕ ਦੇ ਟਾਇਰਾਂ ਵਿਚਕਾਰ ਫਸ ਗਿਆ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਟਾਇਰਾਂ ਵਿਚਕਾਰੋਂ ਬਾਹਰ ਕੱਢਿਆ। ਮ੍ਰਿਤਕ ਦੀ ਪਛਾਣ 68 ਸਾਲਾ ਇੰਦਰਜੀਤ ਸਿੰਘ ਵਰਮਾ ਵਾਸੀ ਰਾਏਕੋਟ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਕੌਂਸਲਰ ਕਮਲਜੀਤ ਵਰਮਾ ਨੇ ਦੱਸਿਆ ਕਿ ਉਸ ਦਾ ਭਰਾ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ। ਜਦੋਂ ਉਹ ਤਾਜਪੁਰ ਚੌਕ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਡਰਾਈਵਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਇਸ ਦੌਰਾਨ ਟਰੱਕ ਡਰਾਈਵਰ ਨੇ ਉਸ ਦੇ ਭਰਾ ਨੂੰ ਟਾਇਰਾਂ ਹੇਠ ਕੁਚਲ ਦਿੱਤਾ। ਇਸ ਦੌਰਾਨ ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਟਰੱਕ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਦੇ ਭਰਾ ਦੀ ਲਾਸ਼ ਟਾਇਰਾਂ ਵਿਚਕਾਰ ਫਸ ਗਈ ਸੀ ਅਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।
ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਅਤੇ ਵਾਹਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰਖਵਾਇਆ ਗਿਆ ਹੈ। ਦੂਜੇ ਪਾਸੇ ਪੁਲੀਸ ਨੇ ਗੱਡੀ ਦਾ ਨੰਬਰ ਮਿਲਾ ਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਟਾਲਾ ਚਾਲਕ ਨੂੰ ਜਲਦ ਹੀ ਫੜ ਲਿਆ ਜਾਵੇਗਾ।












