ਨਵੀਂ ਦਿੱਲੀ, 2 ਫਰਵਰੀ 2022 – ਕਾਂਗਰਸ ਛੱਡ ਬੀਜੇਪੀ ‘ਚ ਸ਼ਾਮਿਲ ਹੋਈ ਅਦਿਤੀ ਸਿੰਘ ਨੇ ਪ੍ਰਿਅੰਕਾ ਗਾਂਧੀ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਬਿਨਾਂ ਪਿਓ ਦੀ ਧੀ ਨੂੰ ਪ੍ਰਿਯੰਕਾ ਗਾਂਧੀ ਪ੍ਰੇਸ਼ਾਨ ਕਰ ਰਹੀ ਹੈ। ਅਦਿਤੀ ਸਿੰਘ ਹਾਲ ਹੀ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਈ ਹੈ। ਅਦਿਤੀ ਸਿੰਘ ਦਾ ਇਹ ਬਿਆਨ ਉਸ ਸਮੇ ਆਇਆ ਹੈ ਜਦੋਂ ਉਸ ਦੇ ਪਤੀ ਅੰਗਦ ਸਿੰਘ ਵੱਲੋਂ 2022 ਦੀਆਂ ਪੰਜਾਬ ਚੋਣਾਂ ਲਈ ਕਾਂਗਰਸ ਤੋਂ ਟਿਕਟ ਮੰਗ ਰਹੇ ਸਨ, ਪਰ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ।
ਤੁਹਾਨੂੰ ਦੱਸ ਦੇਈਏ ਕਿ ਅਦਿਤੀ ਸੀਨੀਅਰ ਕਾਂਗਰਸੀ ਨੇਤਾ ਅਖਿਲੇਸ਼ ਕੁਮਾਰ ਸਿੰਘ ਦੀ ਬੇਟੀ ਹੈ। ਸਤੰਬਰ 2019 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ‘ਚ ਅਦਿਤੀ ਸਿੰਘ ਨੇ ਕਿਹਾ ਕਿ ਪ੍ਰਿਅੰਕਾ ਬਿਨਾਂ ਪਿਓ ਦੀ ਧੀ ਨੂੰ ਪਰੇਸ਼ਾਨ ਕਰ ਰਹੀ ਹੈ। ਅਦਿਤੀ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਿਯੰਕਾ ਗਾਂਧੀ ਨੇ ਆਪਣੇ ਪਤੀ ‘ਤੇ ਦਬਾਅ ਪਾਇਆ ਕਿ ਉਹ ਮੇਰੇ ਖਿਲਾਫ ਬਿਆਨ ਨਾ ਦੇਣ ਤਾਂ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇਗੀ।
ਕਾਂਗਰਸ ਦੇ ਨਾਅਰੇ ‘ਮੈਂ ਇਕ ਲੜਕੀ ਹਾਂ, ਮੈਂ ਲੜ ਸਕਦੀ ਹਾਂ’ ‘ਤੇ ਵਿਅੰਗ ਕਰਦਿਆਂ ਅਦਿਤੀ ਸਿੰਘ ਨੇ ਕਿਹਾ ਕਿ ਮੈਂ ਇਕ ਲੜਕੀ ਹਾਂ ਅਤੇ ਮੈਂ ਲਗਾਤਾਰ ਲੜ ਰਹੀ ਹਾਂ।
ਅਦਿਤੀ ਸਿੰਘ ਨੂੰ ਭਾਜਪਾ ਨੇ ਰਾਏਬਰੇਲੀ ਦੀ ਸਦਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਇਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਅਤੇ ਗਾਂਧੀ ਪਰਿਵਾਰ ਦੇ ਗੜ੍ਹ ਵਿੱਚ ਪੈਂਦਾ ਹੈ। ਅਦਿਤੀ ਸਿੰਘ ਦੇ ਖਿਲਾਫ ਸਪਾ ਨੇ ਰਾਮ ਪ੍ਰਤਾਪ ਯਾਦਵ ਉਰਫ ਆਰਪੀ ਯਾਦਵ ਨੂੰ ਟਿਕਟ ਦਿੱਤੀ ਹੈ। ਫਿਲਹਾਲ ਕਾਂਗਰਸ ਨੇ ਇੱਥੋਂ ਆਪਣਾ ਪੱਤਾ ਨਹੀਂ ਖੋਲ੍ਹਿਆ ਹੈ।












