ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਰਤਨੀਏ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਵਾਲਿਆਂ ‘ਤੇ ਇੱਕ ਮਹੀਨੇ ਲਈ ਕੀਰਤਨ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ। ਦੱਸ ਦਈਏ ਕਿ ਦੋਹਾਂ ਵਿਚਾਲੇ ਇੱਕ ਧਾਰਮਿਕ ਸਮਾਗਮ ਦੌਰਾਨ ਵਿਵਾਦ ਸ਼ੁਰੂ ਹੋਇਆ ਸੀ। ਇਸ ਦੌਰਾਨ, ਉਹ ਕੋਈ ਵੀ ਕੀਰਤਨ ਨਹੀਂ ਕਰ ਸਕਣਗੇ। ਉਨ੍ਹਾਂ ਨੂੰ ਇੱਕ ਮਹੀਨੇ ਲਈ ਗੁਰਮਤਿ ਦੀ ਸਿੱਖਿਆ ਅਤੇ ਸਿੱਖ ਮਰਿਆਦਾ ਬਾਰੇ ਜਾਣਕਾਰੀ ਲੈਣ ਲਈ ਕਿਹਾ ਗਿਆ ਹੈ। ਅਕਾਲ ਤਖ਼ਤ ਸਕੱਤਰੇਤ ਦੇ ਅਨੁਸਾਰ, ਹਾਲ ਹੀ ਵਿੱਚ ਦੋਵਾਂ ਧੜਿਆਂ ਵਿਚਕਾਰ ਝਗੜੇ ਸੰਬੰਧੀ ਸੰਗਤ ਵੱਲੋਂ ਸ਼ਿਕਾਇਤਾਂ ਆ ਰਹੀਆਂ ਸਨ।
ਕਿਵੇਂ ਸ਼ੁਰੂ ਹੋਇਆ ਵਿਵਾਦ?
ਦੱਸ ਦਈਏ ਕਿ ਫਗਵਾੜਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਸੀ, ਜਿਸ ਦੌਰਾਨ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਕੀਰਤਨ ਕਰ ਰਹੇ ਸੀ ਅਤੇ ਇਸ ਤੋਂ ਬਾਅਦ ਜਗਜੀਤ ਸਿੰਘ ਬਬੀਹਾ ਨੇ ਕੀਰਤਨ ਕਰਨਾ ਸੀ।
ਇਸ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵਾਰ-ਵਾਰ ਕੀਰਤਨ ਕਰ ਰਹੇ ਰਾਗੀ ਜੱਥੇ ਭਾਈ ਕੁਲਵਿੰਦਰ ਸਿੰਘ ਨੂੰ ਕਹਿਣ ਲੱਗ ਪਏ ਕਿ ਤੁਸੀਂ ਕੀਰਤਨ ਦੀ ਸਮਾਪਤੀ ਕਰ ਦਿਓ, ਜਦੋਂ ਤੁਸੀਂ ਕੀਰਤਨ ਦੀ ਸਮਾਪਤੀ ਕਰੋਗੇ, ਉਦੋਂ ਹੀ ਭਾਈ ਜਗਜੀਤ ਸਿੰਘ ਬਬੀਹਾ ਦਰਬਾਰ ਸਾਹਿਬ ਅੰਦਰ ਆਉਣਗੇ।
ਇਸ ਗੱਲ ਨੂੰ ਲੈਕੇ ਕੀਰਤਨ ਕਰ ਰਹੇ ਕੀਰਤਨੀ ਸਿੰਘ ਭਾਈ ਕੁਲਵਿੰਦਰ ਸਿੰਘ ਨੂੰ ਗੁੱਸਾ ਆ ਗਿਆ ਅਤੇ ਗੁਰੂ ਦੀ ਹਜ਼ੂਰੀ ਵਿੱਚ ਉਨ੍ਹਾਂ ਨੇ ਜਗਜੀਤ ਸਿੰਘ ਬਬੀਹਾ ਨੂੰ ਕਿਹਾ ਕਿ ਉਹ ਕੋਈ ਡੀਸੀ ਲੱਗਿਆ ਹੈ, ਕਿ ਅੰਦਰ ਨਹੀਂ ਆ ਸਕਦਾ, ਇਹ ਗੁਰੂ ਦੀ ਹਜ਼ੂਰੀ ਹੈ, ਉੱਥੇ ਹੀ ਫਿਰ ਬਬੀਹਾ ਨੇ ਵੀ ਇਸ ਦਾ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਨਿੰਦਊ ਨਿੰਦਊ ਮੋਕੋ ਲੋਗ ਨਿੰਦਊ, ਕਿਹਾ ਕਿ ਉਨ੍ਹਾਂ ਦੇ ਸਿਰ ‘ਤੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਹੱਥ ਹੈ, ਜਿਸ ਨੇ ਜੋ ਕਹਿਣਾ ਕਹਿ ਲਵੇ।
ਇਸ ਤੋਂ ਬਾਅਦ ਜਵਾਬ ਦਿੰਦਿਆਂ ਹੋਇਆਂ ਭਾਈ ਕੁਲਵਿੰਦਰ ਸਿੰਘ ਨੇ ਵੀਡੀਓ ਸਾਂਝੀ ਕਰਕੇ ਕਿਹਾ ਕਿ ਇਸ ਥਾਂ ‘ਤੇ ਜੇਕਰ ਉਨ੍ਹਾਂ ਦਾ ਭਰਾ ਵੀ ਹੁੰਦਾ ਤਾਂ ਵੀ ਉਹ ਇਹੀ ਗੱਲ ਕਹਿੰਦੇ। ਇਸ ਗੱਲ ਨੂੰ ਲੈਕੇ ਦੋਹਾਂ ਵਿਚਕਾਰ ਵਿਵਾਦ ਵਧਦਾ ਗਿਆ, ਜਿਸ ਤੋਂ ਬਾਅਦ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਕਸ਼ਨ ਲਿਆ ਗਿਆ ਹੈ। ਦੋਹਾਂ ਦੇ ਕੀਰਤਨ ਕਰਨ ਤੇ ਇੱਕ ਮਹੀਨੇ ਲਈ ਪਾਬੰਦੀ ਲਾ ਦਿੱਤੀ ਗਈ ਹੈ।












