ਲੁਧਿਆਣਾ ਵਿੱਚ ਪਾਵਰਕਾਮ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅਧਿਕਾਰੀਆਂ ਨੇ ਸੁੰਦਰ ਨਗਰ ਬਿਜਲੀ ਦਫ਼ਤਰ ਦੇ ਬਾਹਰ ‘ਆਪ’ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਦੁਰਵਿਵਹਾਰ ਕਰਨ ਵਾਲੇ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਸਵੇਰ ਤੋਂ ਹੀ ਬਿਜਲੀ ਬੋਰਡ ਦੇ ਕਰਮਚਾਰੀ ਅਤੇ ਅਧਿਕਾਰੀ ਧਰਨੇ ਵਿੱਚ ਸ਼ਾਮਲ ਹੋਏ।
ਮਿਲੀ ਜਾਣਕਾਰੀ ਦਿੰਦਿਆਂ ਜੇਈ ਰਾਜੀਵ ਸ਼ਰਮਾ ਨੇ ਦੱਸਿਆ ਕਿ 30-31 ਮਈ ਦੀ ਦਰਮਿਆਨੀ ਰਾਤ ਨੂੰ ਬਿਜਲੀ ਸਪਲਾਈ ਵਿੱਚ ਕੁਝ ਸਮੱਸਿਆ ਆਈ ਸੀ। ਰਾਤ ਕਰੀਬ 12 ਵਜੇ ਐਸਡੀਓ ਨੇ ਉਸ ਨੂੰ ਦਫ਼ਤਰ ਬੁਲਾਇਆ। ਦਫ਼ਤਰ ਪੁੱਜੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਗਗਨਦੀਪ ਕਲੋਨੀ ਦੀ ਗਲੀ ਨੰਬਰ 7 ਵਿੱਚ ਬੈਠੇ ਹਨ। ਉੱਥੇ ਉਨ੍ਹਾਂ ਨੇ ਵਿਧਾਇਕ ਅਤੇ ਹੋਰ ਉੱਚ ਅਧਿਕਾਰੀਆਂ ਨਾਲ 2 ਘੰਟੇ ਤੱਕ ਮੀਟਿੰਗ ਕੀਤੀ।
ਵਾਪਸ ਪਰਤਦੇ ਸਮੇਂ ਤਿੰਨ-ਚਾਰ ਸ਼ਰਾਬੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਾਵਰਕਾਮ ਮੁਲਾਜ਼ਮਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਰਾਜੀਵ ਨੇ ਦੱਸਿਆ ਕਿ ਉਸ ਨਾਲ ਬਦਸਲੂਕੀ ਕਰਨ ਵਾਲਿਆਂ ਵਿੱਚੋਂ ਜਸਵਿੰਦਰ ਸੰਧੂ, ਦੀਪਕ ਸ਼ਰਮਾ, ਸੁਮਿਤ ਸ਼ਰਮਾ ਅਤੇ ਲਖਵਿੰਦਰ ਚੌਧਰੀ ਨੇ ਵੀ ਉਸ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ।
ਜੇਈ ਰਾਜੀਵ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਬਾਈਕ ਤੋਂ ਖਿੱਚਣ ਦੀ ਵੀ ਕੋਸ਼ਿਸ਼ ਕੀਤੀ। ਉਹ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰਨਗੇ ਤਾਂ ਜੋ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾ ਸਕੇ।












