ਪੈਰਿਸ ਓਲੰਪਿਕ 2024 ਵਿੱਚ ਭਾਰਤ ਲਈ ਇੱਕ ਤੋਂ ਬਾਅਦ ਇੱਕ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਿਨੇਸ਼ ਫੋਗਾਟ ਦੇ ਫਾਈਨਲ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਇੱਕ ਹੋਰ ਮਹਿਲਾ ਪਹਿਲਵਾਨ ਵਿਵਾਦਾਂ ਵਿੱਚ ਘਿਰ ਗਈ ਹੈ।
ਪਹਿਲਵਾਨ ਅੰਤਿਮ ਪੰਘਾਲ ਅਤੇ ਉਸ ਦੇ ਸਹਿਯੋਗੀ ਸਟਾਫ਼ ਨੂੰ ਫਰਾਂਸੀਸੀ ਅਧਿਕਾਰੀਆਂ ਦੁਆਰਾ ਅਨੁਸ਼ਾਸਨੀ ਉਲੰਘਣਾ ਦੇ ਨੋਟਿਸ ਵਿਚ ਲਿਆਉਣ ਤੋਂ ਬਾਅਦ ਵਾਪਸ ਭਾਰਤ ਭੇਜਣ ਦਾ ਫ਼ੈਸਲਾ ਕੀਤਾ ਹੈ। ਆਈ.ਓ.ਏ. ਨੇ ਆਪਣੇ ਬਿਆਨ ਵਿਚ ਕਿਹਾ ਕਿ ਫ਼ਰਾਂਸੀਸੀ ਅਧਿਕਾਰੀਆਂ ਵਲੋਂ ਦਿੱਤੀ ਗਈ ਸ਼ਿਕਾਇਤ ਕਿ ਅੰਤਿਮ ਪੰਘਾਲ ਅਤੇ ਉਸ ਦੇ ਸਹਿਯੋਗੀ ਸਟਾਫ਼ ਨੇ ਅਨੁਸ਼ਾਸਨੀ ਨਿਯਮਾਂ ਦੀ ਉਲੰਘਣਾ ਕੀਤੀ ਹੈ, ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਫ਼ਰੈਂਚ ਅਧਿਕਾਰੀਆਂ ਨੇ ਭਾਰਤੀ ਉਲੰਪਿਕ ਸੰਘ ਕੋਲ ਉਸ ਸਮੇਂ ਸ਼ਿਕਾਇਤ ਕੀਤੀ, ਜਦੋਂ ਅੰਤਿਮ ਪੰਘਾਲ ਨੇ ਆਪਣੀ ਭੈਣ ਨੂੰ ਉਲੰਪਿਕ ਖੇਡਾਂ ਦੇ ਪਿੰਡ ਵਿਚ ਦਾਖਲ ਹੋਣ ਵਿਚ ਮਦਦ ਕਰਨ ਲਈ ਆਪਣੀ ਮਾਨਤਾ ਦਿੱਤੀ ਸੀ। ਇਸ ਲਈ ਉਸ ਨੂੰ ਉਸ ਦੇ ਸਹਿਯੋਗੀ ਸਟਾਫ਼ ਦੇ ਨਾਲ ਭਾਰਤ ਵਾਪਸ ਭੇਜਿਆ ਜਾਵੇਗਾ।
ਅੰਤਿਮ ਪੰਘਾਲ ਨੇ 53 ਕਿਲੋਗ੍ਰਾਮ ਵਰਗ ਵਿੱਚ ਓਲੰਪਿਕ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਤਮਗੇ ਦੀਆਂ ਉਮੀਦਾਂ ਸਨ, ਪਰ ਉਹ ਤੁਰਕੀ ਦੇ ਪਹਿਲਵਾਨ ਜ਼ੈਨੇਪ ਯੇਟਗਿਲ ਤੋਂ ਹਾਰ ਗਈ। ਮੈਚ ਤੋਂ ਬਾਅਦ ਹੀ ਉਸ ਨੇ ਆਪਣੀ ਭੈਣ ਨੂੰ ਸਮਾਨ ਬੰਨ੍ਹ ਕੇ ਆਪਣੇ ਨਾਲ ਕੈਂਪ ਵਿਚ ਚੱਲਣ ਲਈ ਕਿਹਾ। ਕੈਂਪ ਵਿਚ ਭਾਰੀ ਸੁਰੱਖਿਆ ਦੇ ਵਿਚ ਉਹਨਾਂ ਨੇ ਸਾਰੇ ਚੈਕ ਪੁਆਇੰਟ ਪਾਰ ਕਰ ਲਏ। ਚੈਕਪੁਆਇੰਟ ਪਾਰ ਕਰਨ ਤੋਂ ਬਾਅਦ ਉਸ ਨੇ ਆਪਣਾ ਆਈਡੀ ਕਾਰਡ ਆਪਣੀ ਭੈਣ ਨੂੰ ਦੇ ਦਿੱਤਾ। ਉਸ ਦੀ ਭੈਣ ਅੰਤਿਮਾ ਬਣਨ ਦਾ ਨਾਟਕ ਕਰ ਕੇ ਕੈਂਪ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ ਲਿਆ। ਹੁਣ ਉਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ।












