ਮੁਕਤਸਰ ਦੇ ਪਿੰਡ ਮਰਾੜ ਕਲਾਂ ‘ਚ ਹਮਲਾਵਰਾਂ ਨੇ ਕਾਰ ‘ਚ ਸਵਾਰ ਪਿਓ-ਪੁੱਤ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਪਿਤਾ ਦੀ ਮੌਤ ਹੋ ਗਈ। ਜਦਕਿ ਬੇਟਾ ਗੰਭੀਰ ਜ਼ਖਮੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਪਿਓ-ਪੁੱਤ ਆਪਣੇ ਪਿੰਡ ਤੋਂ ਬਠਿੰਡਾ ਨੂੰ ਦਵਾਈ ਲੈਣ ਲਈ ਜਾ ਰਹੇ ਸਨ ਕਿ ਰਸਤੇ ਵਿੱਚ ਪਿੰਡ ਮਰਾੜ ਕਲਾਂ ਨੇੜੇ ਕੁਝ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਹ ਹਮਲਾ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਜਾਪਦਾ ਹੈ।
ਇਸ ਹਮਲੇ ‘ਚ ਲਖਬੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਲੜਕਾ ਗੰਭੀਰ ਜ਼ਖਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਬਰੀਵਾਲਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਲਖਬੀਰ ਸਿੰਘ (54) ਵਾਸੀ ਮਰਾੜ ਕਲਾਂ ਵਜੋਂ ਹੋਈ ਹੈ।
ਲਖਬੀਰ ਸਿੰਘ ਪੀਲੀਆ ਤੋਂ ਪੀੜਤ ਸੀ ਅਤੇ ਪੀਜੀਆਈ ਚੰਡੀਗੜ੍ਹ ਤੋਂ ਜ਼ੇਰੇ ਇਲਾਜ ਸੀ। ਸ਼ੁੱਕਰਵਾਰ ਸਵੇਰੇ 5:30 ਵਜੇ ਉਹ ਆਪਣੇ ਬੇਟੇ ਨਾਲ ਆਲਟੋ ‘ਤੇ ਘਰੋਂ ਨਿਕਲਿਆ। ਦੋਵੇਂ ਪਿਓ-ਪੁੱਤ ਮਰਾੜ ਕਲਾਂ ਤੋਂ ਖਾਰਾ ਲਿੰਕ ਰੋਡ ਰਾਹੀਂ ਮੁਕਤਸਰ-ਕੋਟਕਪੂਰਾ ਹਾਈਵੇ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਮਰਾੜ ਕਲਾਂ ਤੋਂ ਥੋੜ੍ਹਾ ਅੱਗੇ ਰੇਲਵੇ ਫਾਟਕ ਨੇੜੇ ਪੁੱਜੇ ਤਾਂ ਇਸ ਦੌਰਾਨ ਆਏ ਲੁਟੇਰਿਆਂ ਨੇ ਕਾਰ ਨੂੰ ਰੋਕ ਕੇ ਦੋਵਾਂ ਪਿਉ-ਪੁੱਤ ਕੋਲੋਂ ਪੈਸੇ ਅਤੇ ਮੋਬਾਈਲ ਫੋਨ ਖੋਹ ਲਏ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਪਿਤਾ ਦਾ ਕਤਲ ਕਰ ਦਿੱਤਾ। ਬੇਟੇ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।












