ਅੰਮ੍ਰਿਤਸਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਫੇਸ ਐਲਾਨੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਉਹ ਚੋਣਾਂ ਦੇ ਪ੍ਰਚਾਰ ਲਈ ਅੰਮ੍ਰਿਤਸਰ ਪੂਰਬੀ ਦੇ ਪਿੰਡ ਮੁੱਦਲ ਪਹੁੰਚੇ। ਇੱਥੇ ਉਨ੍ਹਾਂ ਪਹਿਲਾਂ ਤਾਂ ਹਾਜ਼ਰ ਮੀਡੀਆ ਕਰਮੀਆਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਦੇ ਨਾਲ ਖੜ੍ਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਚੰਨੀ ਦੇ ਨਾਲ ਹਨ ਤਾਂ ਉਹ ਚੁੱਪ ਰਹੇ।
ਉਨ੍ਹਾਂ ਕਿਹਾ ਕਿ ਆਪਣਾ ਪੰਜਾਬ ਮਾਡਲ ਸਾਰਿਆਂ ਦਾ ਮਾਡਲ ਹੈ, ਇਸ ‘ਤੇ ਉਨ੍ਹਾਂ ਦਾ ਕੋਈ ਕਾਪੀਰਾਈਟ ਨਹੀਂ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਕਦੇ ਵੀ ਨਕਦੀ ਕਮਾਉਣ ਦੀ ਕੋਈ ਇੱਛਾ ਨਹੀਂ ਸੀ ਅਤੇ ਨਾ ਹੀ ਕੋਈ ਕਾਰੋਬਾਰ ਕਰਨਾ ਸੀ। ਸਭ ਵਿਚ ਵੱਸਣ ਵਾਲੇ ਪਰਮਾਤਮਾ ਦੀ ਸੇਵਾ ਕਰਨ ਦੀ ਤਾਂਘ ਸੀ, ਉਸ ਵਾਸਤੇ ਉਹ ਹਾਜ਼ਰ ਹਨ।












