ਚੰਡੀਗੜ੍ਹ, 9 ਫਰਵਰੀ 2022 – ਕਾਂਗਰਸ ਹਾਈ ਕਾਂਮਡ ਵੱਲੋਂ ਪੰਜਾਬ ਲਈ ਆਪਣੇ ਸੀ ਐਮ ਚੇਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਸੀ ਐਮ ਚੇਹਰਾ ਐਲਾਨਿਆ ਹੈ। ਜਿਸ ਦਿਨ ਸੀ ਐਮ ਚੇਹਰੇ ਦਾ ਐਲਾਨ ਹੋਇਆ ਸੀ, ਉਸ ਦਿਨ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਖੁਸ਼ੀ ਨਾਲ ਇਸ ਨੂੰ ਸਵੀਕਾਰ ਕੀਤਾ ਗਿਆ ਸੀ ਪਰ ਉਸ ਤੋਂ ਕੁੱਝ ਦਿਨ ਬੀਤਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਇਕ ਵੀਡੀਓ ਟਵੀਟ ਕਰ ਕੇ ਆਪਣੇ ਆਪ ਨੂੰ ਪੰਜਾਬ ਦਾ ਸੱਚਾ ਪੁੱਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਪੂਰੇ ਵੀਡੀਓ ‘ਚ ਸਿੱਧੂ ਦੇ ਸਿਆਸੀ ਸਫ਼ਰ ਨੂੰ ਕੁਰਬਾਨੀਆਂ ਨਾਲ ਭਰਪੂਰ ਹੋਣ ਸਬੰਧੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਅੱਜ ਆਪਣੇ ਆਲੋਚਕਾਂ ਨੂੰ ਵੀ ਕਰਾਰਾ ਜਵਾਬ ਦੇ ਦਿੱਤਾ ਹੈ। ਵੀਡੀਓ ‘ਚ ਸਿੱਧੂ ਆਪਣੇ ਤਲਖ਼ ਅੰਦਾਜ਼ ‘ਚ ਬੋਲ ਰਹੇ ਹਨ, ‘ਆਈ ਐਮ ਨਾਟ ਫਾਰ ਸੇਲ’।
ਸਿੱਧੂ ਦੀ ਇਸ ਪੂਰੀ ਵੀਡੀਓ ‘ਚ ਗਾਇਕ ਬੀ ਪਰਾਕ ਦਾ ਇਕ ਗੀਤ ਚੱਲ ਰਿਹਾ ਹੈ। ਅਤੇ ਸਿੱਧੂ ਵੱਲੋਂ ਵੱਖ-ਵੱਖ ਸਮਾਗਮਾਂ ‘ਚ ਲਏ ਗਏ ਹਿੱਸੇ ਦੀਆਂ ਵੀਡੀਓ ਕਟਿੰਗ ਪਾਈਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਵੀਡੀਓ ‘ਚ ਲਿਖਿਆ ਗਿਆ ਹੈ ਕਿ ਸਾਲ 2007 ‘ਚ ਹਾਈਕੋਰਟ ਵੱਲੋਂ ਝੂਠੇ ਕੇਸ ‘ਚ ਸਜ਼ਾ ਸੁਣਾਈ ਗਈ ਸੀ ਪਰ ਸੁਪਰੀਮ ਕੋਰਟ ਨੇ ਇਸ ‘ਤੇ ਰੋਕ ਲਗਾ ਦਿੱਤੀ। ਵੀਡੀਓ ‘ਚ ਸਿੱਧੂ ਦੇ ਭਾਜਪਾ ਕਾਰਜਕਾਲ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ 2009 ‘ਚ ਕਾਂਗਰਸ ਦੀ ਲਹਿਰ ਦੌਰਾਨ ਸਿੱਧੂ ਤੀਜੀ ਵਾਰ ਸੰਸਦ ਮੈਂਬਰ ਬਣੇ ਤੇ ਪੂਰੇ ਉੱਤਰ ਭਾਰਤ ‘ਚੋਂ ਭਾਜਪਾ ਦੀ ਝੋਲੀ ‘ਚ ਇਕਲੌਤੀ ਸੀਟ ਪਾ ਦਿੱਤੀ।
ਟਵੀਟ ‘ਚ ਕਿਹਾ ਗਿਆ ਹੈ ਕਿ 2014 ਵਿਚ ਅਰੁਣ ਜੇਤਲੀ ਨੇ ਸਿੱਧੂ ਨੂੰ ਗਾਜ਼ੀਆਬਾਦ, ਪੱਛਮੀ ਦਿੱਲੀ, ਕੁਰੂਕਸ਼ੇਤਰ ਜਾਂ ਚੰਡੀਗੜ੍ਹ ਤੋਂ ਸੰਸਦ ਮੈਂਬਰ ਦੀ ਸੀਟ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪੇਸ਼ਕਸ਼ ਕੀਤੀ ਸੀ। ਸਿੱਧੂ ਨੇ ਬਿਨਾਂ ਕੋਈ ਚੋਣ ਲੜੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਛੇ ਸਾਲ ਦੀ ਰਾਜ ਸਭਾ ਦੀ ਮੈਂਬਰਸ਼ਿਪ ਵੀ ਛੱਡ ਦਿੱਤੀ। ਆਜ਼ਾਦ ਭਾਰਤ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਸਿੱਧੂ ਨੇ ਸਾਰੇ ਅਹੁਦਿਆਂ ਨੂੰ ਠੁਕਰਾ ਕੇ ਗੁਰੂ ਘਰ ਦੀ ਚਾਕਰੀ ਦੀ ਚੋਣ ਕੀਤੀ।












