ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸੁਸ਼ੋਭਿਤ ਕਰਨ ਲਈ ਭਾਰਤ ਤੋਂ ਫਾਈਬਰ ਦੀ ਬਣੀ ਇੱਕ ਸੁੰਦਰ ਸੁਨਹਿਰੀ ਪਾਲਕੀ ਸਾਹਿਬ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜੀ ਗਈ ਹੈ। ਭਾਰਤੀ ਕਸਟਮ ਵਿਭਾਗ ਨੇ ਰਸਮੀ ਤੌਰ ‘ਤੇ ਪਾਲਕੀ ਸਾਹਿਬ ਪਾਕਿਸਤਾਨੀ ਕਸਟਮ ਅਧਿਕਾਰੀਆਂ ਨੂੰ ਸੌਂਪ ਦਿੱਤੀ।
ਇਹ ਸੁੰਦਰ ਪਾਲਕੀ ਸਾਹਿਬ ਸੰਤ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਸੇਵਾਦਾਰ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵੱਲੋਂ ਤਿਆਰ ਕਰਵਾਈ ਗਈ ਹੈ। ਪਾਲਕੀ ਸਾਹਿਬ ਭਾਈ ਮਹੇਸ਼ ਸਿੰਘ ਸਿੰਧ ਵੱਲੋਂ ਉਚੇਚੇ ਤੌਰ ‘ਤੇ ਮੰਗਵਾਈ ਗਈ ਸੀ।
ਪਾਲਕੀ ਸਾਹਿਬ ਨੂੰ ਭਾਰਤੀ ਕਸਟਮ ਕਮਿਸ਼ਨਰ ਏ.ਪੀ. ਚੌਧਰੀ, ਕਸਟਮ ਸੁਪਰਡੈਂਟ ਅਸ਼ੋਕ ਕੁਮਾਰ ਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਸਹਿਯੋਗ ਨਾਲ ਪਾਕਿਸਤਾਨ ਭੇਜਿਆ ਗਿਆ। ਪਾਲਕੀ ਸਾਹਿਬ ਪੂਰੇ ਅਦਬ ਤੇ ਸਤਿਕਾਰ ਨਾਲ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪੀ ਗਈ।
ਸ਼੍ਰੋਮਣੀ ਕਮੇਟੀ ਦੇ ਜੱਥਾ ਆਗੂ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਉਹ ਸ਼ਰਧਾਲੂਆਂ ਦੇ ਇੱਕ ਜੱਥੇ ਨਾਲ ਪਾਲਕੀ ਸਾਹਿਬ ਪਾਕਿਸਤਾਨ ਲੈ ਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਲਕੀ ਸਾਹਿਬ ਸਾਂਝੀ ਅਟਾਰੀ-ਵਾਹਗਾ ਸਰਹੱਦ ਦੀ ਜ਼ੀਰੋ ਲਾਈਨ ‘ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਤੇ ਭਾਈ ਮਹੇਸ਼ ਸਿੰਘ ਦੇ ਸਾਥੀਆਂ ਨੂੰ ਸੌਂਪੀ ਜਾਵੇਗੀ।
ਨਨਕਾਣਾ ਸਾਹਿਬ ਭੇਜੀ ਗਈ ਇਸ ਪਾਲਕੀ ਸਾਹਿਬ ਨੂੰ ਦੋਵਾਂ ਦੇਸ਼ਾਂ ਦੇ ਸਿੱਖ ਭਾਈਚਾਰਿਆਂ ‘ਚ ਧਾਰਮਿਕ ਸ਼ਰਧਾ, ਸੱਭਿਆਚਾਰਕ ਸਬੰਧ ਤੇ ਇਤਿਹਾਸਕ ਵਿਰਾਸਤ ਪ੍ਰਤੀ ਸਤਿਕਾਰ ਦਾ ਇੱਕ ਮਹੱਤਵਪੂਰਨ ਪ੍ਰਤੀਕ ਮੰਨਿਆ ਜਾ ਰਿਹਾ ਹੈ।












