ਤਰਨਤਾਰਨ ਵਿਚ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਹ ਲਗਭਗ 4 ਮਹੀਨਿਆਂ ਤੋਂ ਕੈਰੋਂ ਪੁਲਿਸ ਚੌਕੀ ਵਿਚ ਇੰਚਾਰਜ ਵਜੋਂ ਤਾਇਨਾਤ ਸੀ।
ਸੂਤਰਾਂ ਮੁਤਾਬਕ ਨਾਕਾਬੰਦੀ ਦੀ ਡਿਊਟੀ ਪੂਰੀ ਹੋਣ ਦੇ ਬਾਅਦ ASI ਨੇ ਆਪਣੇ ਕੁਆਰਟਰ ਵਿਚ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹ ਸਟਾਫ ਦੀ ਕਮੀ ਤੇ ਤਬਾਦਲਾ ਨਾ ਹੋਣ ਦੀ ਵਜ੍ਹਾ ਤੋਂ ਨਾਰਾਜ਼ ਸੀ। ASI ਦੀ ਪਛਾਣ ਅਮਰਜੀਤ ਸਿੰਘ ਵੱਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਰਵਿਸ਼ੇਰ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਅਮਰਜੀਤ ਸਿੰਘ ਮੂਲ ਤੌਰ ਤੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਉਹ ਤਰਨਤਾਰਨ ਦੇ ਪੱਟੀ ਵਿਧਾਨ ਸਭਾ ਖੇਤਰ ਅਧੀਨ ਆਉਣ ਵਾਲੇ ਪਿੰਡ ਕੈਰੋਂ ਪੁਲਿਸ ਚੌਕੀ ਵਿਚ ਇੰਚਾਰਜ ਦੇ ਅਹੁਦੇ ‘ਤੇ ਤਾਇਨਾਤ ਸੀ। ਜਾਣਕਾਰੀ ਮੁਤਾਬਕ ਬੀਤੀ ਰਾਤ ਅਮਰਜੀਤ ਸਿੰਘ ਨੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਖਾਣਾ ਖਾਧਾ ਤੇ ਰਾਤ ਲਗਭਗ 9.30 ਵਜੇ ਆਪਣੇ ਕੁਆਰਟਰ ਵਿਚ ਆਰਾਮ ਕਰਨ ਲਈ ਚਲੇ ਗਏ। ਕੁਝ ਸਮੇਂ ਬਾਅਦ ਕੁਆਰਟਰ ਤੋਂ ਗੋਲੀ ਚੱਲਣ ਦੀ ਆਵਾਜ਼ ਆਈ। ਸਾਰੇ ਪੁਲਿਸ ਮੁਲਾਜ਼ਮ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਮਰਜੀਤ ਸਿੰਘ ਖੂਨ ਨਾਲ ਲੱਥਪਥ ਸੀ। ਉਨ੍ਹਾਂ ਕੋਲ ਉਨ੍ਹਾਂ ਦੀ ਸਰਵਿਸ ਪਿਸਤੌਲ ਵੀ ਪਈ ਹੋਈ ਸੀ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।












