3 ਜੁਲਾਈ- ਸਾਲ 2017 ਵਿਚ ਮੁਹਾਲੀ ਦੇ ਫੇਜ਼-3ਬੀ1 ਵਿਚ ਵਾਪਰੇ ਇਕ ਦਿਲ ਦਹਿਲਾ ਦੇਣ ਵਾਲੇ ਹੱਤਿਆ ਕਾਂਡ ਵਿਚ ਜ਼ਿਲ੍ਹਾ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਮ੍ਰਿਤਕ ਏਕਮ ਢਿੱਲੋਂ ਦੀ ਪਤਨੀ ਸੀਰਤ ਕੌਰ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ‘ਤੇ ਜੁਰਮਾਨਾ ਵੀ ਲਗਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਰਤ ਕੌਰ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਪਤੀ ਏਕਮ ਢਿਲੋਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਤੋਂ ਬਾਅਦ ਉਸ ਨੇ ਸਬੂਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਪੁਲਿਸ ਜਾਂਚ ਦੌਰਾਨ ਸੱਚ ਸਾਹਮਣੇ ਆ ਗਿਆ। ਇਸ ਸਨਸਨੀਖੇਜ਼ ਹੱਤਿਆ ਕਾਂਡ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਕ ਆਟੋ ਰਿਕਸ਼ਾ ਚਾਲਕ ਨੇ ਪੁਲਿਸ ਨੂੰ ਦੱਸਿਆ ਕਿ ਇਕ ਔਰਤ ਨੇ ਉਸ ਤੋਂ ਇਕ ਵੱਡੀ ਟਰਾਲੀ/ਅਟੈਚੀ ਰੱਖਵਾਉਣ ਅਤੇ ਲਿਜਾਣ ਲਈ ਮਦਦ ਮੰਗੀ ਸੀ। ਆਟੋ ਚਾਲਕ ਨੇ ਅਟੈਚੀ ਚੋਂ ਵਗਦੇ ਖੂਨ ਨੂੰ ਦੇਖ ਕੇ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਜਾਂਚ ਨੇ ਨਵਾਂ ਮੋੜ ਲਿਆ ਅਤੇ ਪੁਲਿਸ ਦੋਸ਼ੀ ਤੱਕ ਪਹੁੰਚ ਗਈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਰੀਬ 6 ਫੁੱਟ 3 ਇੰਚ ਲੰਬੇ ਏਕਮ ਢਿੱਲੋਂ ਦੀ ਹੱਤਿਆ ਤੋਂ ਬਾਅਦ ਲਾਸ਼ ਨੂੰ ਠਿਕਾਣੇ ਲਗਾਇਆ ਜਾਣਾ ਸੀ। ਮਾਮਲੇ ਵਿਚ ਇਕੱਠੇ ਕੀਤੇ ਗਏ ਹਾਲਾਤੀ ਸਬੂਤਾਂ, ਗਵਾਹਾਂ ਦੇ ਬਿਆਨਾਂ ਅਤੇ ਫੋਰੈਂਸਿਕ ਰਿਪੋਰਟਾਂ ਦੇ ਆਧਾਰ ‘ਤੇ ਅਦਾਲਤ ਨੇ ਸੀਰਤ ਕੌਰ ਨੂੰ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਫ਼ੈਸਲੇ ਨਾਲ ਕਰੀਬ ਨੌਂ ਸਾਲ ਪੁਰਾਣੇ ਇਸ ਚਰਚਿਤ ਹੱਤਿਆਕਾਂਡ ਦਾ ਕਾਨੂੰਨੀ ਪੱਖ ਤੋਂ ਮੁਹਾਲੀ ਅਦਾਲਤ ਵਿਖੇ ਨਿਪਟਾਰਾ ਹੋ ਗਿਆ ਹੈ।












