ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ‘ਚ ਪ੍ਰੇਮ ਪ੍ਰਸੰਗ ਨਾਲ ਜੁੜੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮਹਿਲਾ ਨਾਲ ਗੱਲਬਾਤ ਬੰਦ ਹੋਣ ਕਾਰਨ ਨਾਰਾਜ਼ ਇੱਕ ਨੌਜਵਾਨ ਨੇ ਪਹਿਲਾਂ ਆਪਣੇ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਲਈ ਤੇ ਫਿਰ ਮਹਿਲਾ ਨੂੰ ਵੀ ਆਪਣੀ ਲਪੇਟ ‘ਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਹਾਦਸੇ ‘ਚ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਲੜਕੀ ਤੇ ਉਸ ਨੂੰ ਬਚਾਉਣ ਆਇਆ ਉਸ ਦਾ ਚਚੇਰਾ ਭਰਾ ਗੰਭੀਰ ਰੂਪ ‘ਚ ਝੁਲਸ ਗਏ। ਦੋਵਾਂ ਦਾ ਅੰਮ੍ਰਿਤਸਰ ਦੇ ਹਸਪਤਾਲ ‘ਚ ਇਲਾਜ ਜਾਰੀ ਹੈ।
ਮ੍ਰਿਤਕ ਦੀ ਪਹਿਚਾਣ ਪਿੰਡ ਬੱਲ ਖੁਰਦ ਵਾਸੀ ਸੰਦੀਪ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੇ ਮਜੀਠਾ ਦੀ ਰਹਿਣ ਵਾਲੀ ਇੱਕ ਮਹਿਲਾ ਨਾਲ ਪ੍ਰੇਮ ਸੰਬੰਧ ਸਨ। ਕੁਝ ਸਮੇਂ ਤੋਂ ਮਹਿਲਾ ਨੇ ਉਸ ਨਾਲ ਦੂਰੀ ਬਣਾ ਲਈ ਸੀ ਤੇ ਗੱਲਬਾਤ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ, ਜਿਸ ਕਾਰਨ ਸੰਦੀਪ ਕਾਫ਼ੀ ਨਾਰਾਜ਼ ਦੱਸਿਆ ਜਾ ਰਿਹਾ ਸੀ।
ਬੁੱਧਵਾਰ ਨੂੰ ਸੰਦੀਪ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇਮਹਿਲਾ ਨੂੰ ਮਿਲਣ ਲਈ ਉਸ ਦੇ ਘਰ ਨੇੜੇ ਪਹੁੰਚਿਆ। ਉੱਥੇ ਦੋਵਾਂ ਵਿਚਾਲੇ ਗੱਲਬਾਤ ਦੌਰਾਨ ਤਕਰਾਰ ਹੋ ਗਈ, ਜੋ ਕੁਝ ਹੀ ਪਲਾਂ ‘ਚ ਗੰਭੀਰ ਵਿਵਾਦ ‘ਚ ਬਦਲ ਗਈ। ਇਲਜ਼ਾਮ ਹੈ ਕਿ ਇਸ ਤੋਂ ਬਾਅਦ ਸੰਦੀਪ ਨੇ ਆਪਣੇ ਮੋਟਰਸਾਈਕਲ ‘ਚੋਂ ਪੈਟਰੋਲ ਕੱਢਿਆ, ਆਪਣੇ ਉੱਪਰ ਛਿੜਕਿਆ ਤੇ ਖ਼ੁਦ ਨੂੰ ਅੱਗ ਲਗਾ ਲਈ। ਅੱਗ ਦੀਆਂ ਲਪਟਾਂ ‘ਚ ਘਿਰਣ ਤੋਂ ਬਾਅਦ ਉਸ ਨੇ ਮਹਿਲਾ ਨੂੰ ਵੀ ਫੜ ਲਿਆ, ਜਿਸ ਕਾਰਨ ਉਹ ਵੀ ਗੰਭੀਰ ਤੌਰ ‘ਤੇ ਝੁਲਸ ਗਈ।
ਭੈਣ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਚਚੇਰਾ ਭਰਾ ਵੀ ਝੁਲਸਿਆ
ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਉਸ ਦਾ ਚਚੇਰਾ ਭਰਾ ਹਰਪਾਲ ਸਿੰਘ ਵੀ ਅੱਗ ਦੀ ਅੱਗ ਦੀ ਲਪੇਟ ‘ਚ ਆ ਗਿਆ ਤੇ ਗੰਭੀਰ ਰੂਪ ‘ਚ ਝੁਲਸ ਗਿਆ। ਘਟਨਾ ਦੌਰਾਨ ਸੰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜ਼ਖ਼ਮੀ ਮਹਿਲਾ ਤੇ ਹਰਪਾਲ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਦੋਵਾਂ ਦਾ ਇਲਾਜ ਜਾਰੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮਜੀਠਾ ਥਾਣੇ ਦੇ ਐੱਸਐੱਚਓ ਕਰਮਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਜ਼ਖ਼ਮੀ ਹਾਲੇ ਬਿਆਨ ਦੇਣ ਦੀ ਸਥਿਤੀ ‘ਚ ਨਹੀਂ ਹਨ। ਉਨ੍ਹਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਮਾਮਲੇ ਦੇ ਹਰ ਪੱਖ ਨੂੰ ਧਿਆਨ ‘ਚ ਰੱਖ ਕੇ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ‘ਚ ਇਹ ਮਾਮਲਾ ਪ੍ਰੇਮ ਸੰਬੰਧਾਂ ‘ਚ ਆਈ ਦੂਰੀ ਕਾਰਨ ਚੁੱਕੇ ਗਏ ਇਸ ਖੌਫਨਾਕ ਕਦਮ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ।












