ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਇੱਕ ਘਟਨਾ ਦੇ ਸਬੰਧ ਵਿੱਚ ਚੰਡੀਗੜ੍ਹ ਦੇ 32 ਸੈਕਟਰ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਦਫਤਰ ਵਿਖੇ ਪਹੁੰਚ ਕੇ SIT ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਤੋਂ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਵਰ੍ਹਦੇ ਮੀਂਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਰਹੇ।
ਪੁੱਛਗਿੱਛ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ, “ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਚੌਥੀ ਵਾਰ ਮੈਨੂੰ ਬੁਲਾਇਆ ਗਿਆ ਸੀ। ਹਰ ਵਾਰ ਜਦੋਂ ਮੈਨੂੰ ਬੁਲਾਇਆ ਗਿਆ ਸੀ ਤਾਂ ਮੈਂ ਸਮੇਂ ਸਿਰ ਪਹੁੰਚਿਆ। ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ ਕਿਸੇ ਵੀ ਜਾਂਚ ਵਿੱਚ ਅਸਲ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ। ਇੱਥੇ SIT ਦੋਸ਼ੀਆਂ ਨੂੰ ਫੜਨ ਲਈ ਨਹੀਂ, ਸਗੋਂ ਰਾਜਨੀਤਿਕ ਲੜਾਈਆਂ ਲਈ ਬਣਾਈ ਗਈ।”
ਉਨ੍ਹਾਂ ਕਿਹਾ ਕਿ ਇਹ ਸਭ ਡਰਾਮਾ ਹੈ। ਇਹ ਮੀਡੀਆ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਨੂੰ ਸੱਦਿਆ ਗਿਆ ਹੈ। ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਸ਼੍ਰੋਮਣੀ ਅਕਾਲੀ ਦਲ ਨਾ ਤਾਂ ਕਦੇ ਡਰਿਆ ਹੈ ਅਤੇ ਨਾ ਹੀ ਕਦੇ ਝੁਕਿਆ।”












