ਚੰਡੀਗੜ੍ਹ ਵਿੱਚ ਜਨਮੇ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ (RAF) ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ RAF ਵਿੱਚ ਲੜਾਕੂ ਪਾਇਲਟ ਵਜੋਂ ਯੋਗਤਾ ਹਾਸਲ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਬਣੇ ਹਨ।
ਉੱਤਰੀ ਵੇਲਜ਼ ਦੇ RAF ਵੈਲੀ ਵਿਖੇ ਹੋਏ ਫਾਸਟ ਜੈੱਟ ਪਾਇਲਟ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਅਰਸ਼ਦੀਪ ਸਿੰਘ ਨੇ ਆਪਣੀ ਸਿਖਲਾਈ ਸਫ਼ਲਤਾਪੂਰਵਕ ਪੂਰੀ ਕੀਤੀ ਅਤੇ ‘ਵਿੰਗਜ਼’ ਹਾਸਲ ਕੀਤੇ। RAF ਦੇ ਅਨੁਸਾਰ, ਦੂਜੀ ਆਲਮੀ ਜੰਗ ਤੋਂ ਬਾਅਦ ਕਿਸੇ ਸਿੱਖ ਅਧਿਕਾਰੀ ਵੱਲੋਂ ਲੜਾਕੂ ਸਕੁਐਡਰਨ ਤੋਂ ਇਹ ਯੋਗਤਾ ਹਾਸਲ ਕਰਨ ਦਾ ਇਹ ਪਹਿਲਾ ਮਾਮਲਾ ਹੈ।
ਅਰਸ਼ਦੀਪ ਸਿੰਘ ਸਿਰਫ਼ 6 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਤੋਂ ਯੂਕੇ ਚਲੇ ਗਏ ਸਨ। ਉਨ੍ਹਾਂ ਨੇ ਬ੍ਰਿਸਟਲ ਯੂਨੀਵਰਸਿਟੀ ਤੋਂ ਗਣਿਤ ਅਤੇ ਦਰਸ਼ਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ 2022 ਵਿੱਚ ਅਫਸਰ ਸਿਖਲਾਈ ਅਤੇ 2023 ਵਿੱਚ ਮੁੱਢਲੀ ਉਡਾਣ ਸਿਖਲਾਈ ਪੂਰੀ ਕੀਤੀ।
2024 ਵਿੱਚ ਫਾਸਟ ਜੈੱਟ ਸਟ੍ਰੀਮ ਲਈ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੇ ਟੈਕਸਾਸ ਵਿੱਚ ਵੀ ਵਿਸ਼ੇਸ਼ ਸਿਖਲਾਈ ਹਾਸਲ ਕੀਤੀ। ਜੁਲਾਈ 2026 ਵਿੱਚ ਉਨ੍ਹਾਂ ਨੇ ਆਪਣਾ ਵਿੰਗ ਟੈਸਟ ਪਾਸ ਕਰਕੇ ਇਹ ਇਤਿਹਾਸਕ ਉਪਲਬਧੀ ਦਰਜ ਕੀਤੀ।
ਅਰਸ਼ਦੀਪ ਸਿੰਘ ਨੇ ਆਪਣੀ ਕਾਮਯਾਬੀ ਦਾ ਸਿਹਰਾ ਪਰਿਵਾਰ ਦੇ ਸਹਿਯੋਗ ਅਤੇ ਸਿੱਖ ਪਾਲਣ-ਪੋਸ਼ਣ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਾਦਾ ਸਰਦਾਰ ਸੰਤੋਖ ਸਿੰਘ ਡਾਂਗ ਦਾ ਸੁਪਨਾ ਸੀ ਕਿ ਪਰਿਵਾਰ ਵਿੱਚੋਂ ਕੋਈ ਪਾਇਲਟ ਬਣੇ। ਅੱਜ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋਣ ਦੇ ਨਾਲ-ਨਾਲ ਅਰਸ਼ਦੀਪ ਨੇ ਕੌਮਾਂਤਰੀ ਪੱਧਰ ’ਤੇ ਸਿੱਖ ਭਾਈਚਾਰੇ ਦਾ ਮਾਣ ਵੀ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੀ ਕੌਮ ਦੀ ਨੁਮਾਇੰਦਗੀ ਕਰਨ ’ਤੇ ਮਾਣ ਮਹਿਸੂਸ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਕਾਮਯਾਬੀ ਤੋਂ ਪ੍ਰੇਰਿਤ ਹੋ ਕੇ ਹੋਰ ਨੌਜਵਾਨ ਵੀ ਹਵਾਈ ਸੈਨਾ ਦੇ ਖੇਤਰ ਵਿੱਚ ਅੱਗੇ ਆਉਣਗੇ।












