ਪੰਥਕ ਰਾਜਨੀਤੀ ‘ਚ ਬੱਸੀ ਪਠਾਣਾ ਸੀਟ ਨੂੰ ਲੈ ਹਲਚਲ ਮਚੀ ਹੋਈ ਹੈ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਇੱਥੋਂ ਕੇਹਰ ਸਿੰਘ ਤੇ ਪੁੱਤਰ ਸਤਵੰਤ ਸਿੰਘ ਨੂੰ ਉਮੀਦਵਾਰ ਐਲਾਨਿਆ ਸੀ। ਹਾਲਾਂਕਿ, ਬੱਸੀ ਪਠਾਣਾ ਤੋਂ ਅੰਮ੍ਰਿਤ ਕੌਰ ਮਲੋਆ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਤਿਆਰੀਆਂ ‘ਚ ਹਨ। ਅੰਮ੍ਰਿਤ ਮਲੋਆ ਸਰਬਜੀਤ ਸਿੰਘ ਖਾਲਸਾ ਦੀ ਭੈਣ ਹੈ, ਤੇ ਉਨ੍ਹਾਂ ਨੇ ਆਪਣੇ ਭਰਾ ਦੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਖਿਲਾਫ਼ ਹੀ ਚੋਣ ਲੜਣ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਪੰਥਕ ਰਾਜਨੀਤੀ ‘ਚ ਹਲਚਲ ਮਚੀ ਹੋਈ ਹੈ।
ਹਾਲਾਂਕਿ, ਇਸ ਵਿਚਕਾਰ ਇੱਕੋਂ ਸੀਟ ਤੋਂ ਦੋ ਪੰਥਕ ਚਿਹਰੇ ਤੇ ਭਰਾ ਦੀ ਪਾਰਟੀ ਖਿਲਾਫ਼ ਭੈਣ ਦਾ ਚੋਣ ਲੜਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਦੋਵੇਂ ਉਮੀਦਵਾਰਾਂ ਵੱਲੋਂ ਇੱਕ-ਦੂਜੇ ਖਿਲਾਫ਼ ਕਈ ਦਾਅਵੇ ਕੀਤਾ ਜਾ ਰਹੇ ਹਨ।
ਅੰਮ੍ਰਿਤ ਕੌਰ ਮਲੋਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਬਿਮਲ ਕੌਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਸਨ ਤੇ ਉਹ ਕਿਸੇ ਪਾਰਟੀ ਨਾਲ ਨਹੀਂ ਜੁੜੇ ਸਨ, ਇਸ ਲਈ ਉਨ੍ਹਾਂ ਵੱਲੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਤੇ ਮਾਤਾ ਦੇ ਪੈੜਾਂ ‘ਤੇ ਚਲਣ ਦੀ ਕੋਸ਼ਿਸ਼ ਹੈ।
ਹਾਲਾਂਕਿ, ਅੰਮ੍ਰਿਤ ਕੌਰ ਮਲੋਆ ਨੇ ਆਪਣੇ ਭਰਾ ਦੀ ਪਾਰਟੀ ਖਿਲਾਫ਼ ਚੋਣ ਲੜਨ ‘ਤੇ ਕਿਹਾ ਕਿ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਸਨ ਕਿ ਉਹ ਬੱਸੀ ਪਠਾਣਾ ‘ਤੋਂ ਚੋਣ ਲੜਨਗੇ। ਪਰ, ਇਸ ਵਿਚਕਾਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਅਚਾਨਕ ਸਤਵੰਤ ਸਿੰਘ ਦਾ ਨਾਮ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬੱਸੀ ਪਠਾਣਾ ਤੋਂ ਪਵਿੱਤਰ ਸਿੰਘ ਨੂੰ ਚੋਣ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਪੋਸਟਰ ਵੀ ਲੱਗੇ ਹੋਏ ਸਨ ਤੇ ਚੋਣ ਮੁਹਿੰਮ ਵੀ ਚਲਾਈ ਜਾ ਰਹੀ ਸੀ।











