ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ‘ਚ ਉਸ ਦੇ ਦੋਸਤ ਜਸਪਾਲ ਸਿੰਘ ਉਰਫ ਜੱਸਾ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਤਪਾ ਸਿਟੀ ਪੁਲਿਸ ਵੱਲੋਂ ਢਿਲਵਾਂ ਰੋਡ ਨੇੜੇ ਗੰਦੇ ਨਾਲੇ ਦੇ ਕਿਨਾਰੇ ਤੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ, ਜਿਸਦੀ ਪਛਾਣ ਵਰੁਣ ਕੁਮਾਰ ਵਜੋਂ ਹੋਈ ਸੀ, ਜਿਸ ‘ਤੇ ਪੁਲਿਸ ਨੇ ਮ੍ਰਿਤਕ ਦੇ ਪਿਤਾ ਬੋਬੀ ਪੁੱਤਰ ਮਦਨ ਲਾਲ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਜਸਪਾਲ ਰਾਮ ਉਰਫ ਜੱਸਾ ਪੁੱਤਰ ਨੰਦ ਲਾਲ ਵਾਸੀ ਬਾਜੀਗਰ ਬਸਤੀ ਤਪਾ ਖਿਲਾਫ਼ ਮਾਮਲਾ ਦਰਜ ਕੀਤਾ ਸੀ।
ਦੋਰਾਨੇ ਤਫਤੀਸ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਮਿਰਤਕ ਦੇ ਦੋਸਤ ਦੋਸ਼ੀ ਜਸਪਾਲ ਰਾਮ ਉਰਫ ਜੱਸਾ ਪੁੱਤਰ ਨੰਦ ਲਾਲ ਵਾਸੀ ਬਾਜੀਗਰ ਬਸਤੀ ਤਪਾ ਨੂੰ ਮਾਤਾ ਦਾਤੀ ਰੋਡ ਤਪਾ ਤੋਂ ਗ੍ਰਿਫਤਾਰ ਕੀਤਾ ਅਤੇ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ। ਜਦ ਪੁਲਿਸ ਨੇ ਦੋਸ਼ੀ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਹ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਅੰਬਰਸਰ ਬਸਤੀ ਤਪਾ ਪਾਸੋਂ ਨਸ਼ਾ ਲੈ ਕੇ ਆਉਂਦਾ ਸੀ। ਜਿਸ ‘ਤੇ ਪੁਲਿਸ ਨੇ ਮੁਲਜ਼ਮ ਜੱਸਾ ਸਿੰਘ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਮਨਪ੍ਰੀਤ ਸਿੰਘ ਉਰਫ ਮਨੀ ਨੂੰ ਵੀ ਕਾਬੂ ਕਰਕੇ ਇਸੇ ਮਾਮਲੇ ‘ਚ ਨਾਮਜਦ ਕੀਤਾ।
ਇਹ ਵੀ ਪੜ੍ਹੋ
ਸਹਾਇਕ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ ‘ਚ ਅੱਧੀ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਇਸ ਮੌਕੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਮੁੱਖ ਮੁਨਸ਼ੀ ਮੈਡਮ ਜਸਵੀਰ ਕੌਰ, ਸਿਪਾਹੀ ਗੁਰਮੇਲ ਸਿੰਘ ਆਦਿ ਮੌਜੂਦ ਸਨ।












