ਕੀਨੀਆ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਦੇਸ਼ ਦੇ ਮੁੱਖ ਨੈਰੋਬੀ-ਮੋਮਬਾਸਾ ਹਾਈਵੇਅ ‘ਤੇ ਵਾਪਰਿਆ, ਜਿੱਥੇ ਇੱਕ ਬੱਸ ਅਤੇ ਟਰੱਕ ਆਪਸ ਵਿੱਚ ਟਕਰਾ ਗਏ। ਪੁਲਿਸ ਅਨੁਸਾਰ, ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਵਿੱਚ ਸਵਾਰ ਯਾਤਰੀ ਪੱਛਮੀ ਕੀਨੀਆ ਵਿੱਚ ਆਪਣੇ ਚਰਚ ਦੇ ਪਾਦਰੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੋਮਬਾਸਾ ਵਾਪਸ ਪਰਤ ਰਹੇ ਸਨ।
ਜਾਣਕਾਰੀ ਦਿੰਦਿਆਂ ਇਕ ਯਾਤਰੀ ਨੇ ਦੱਸਿਆ ਕਿ ਟਰੱਕ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਪਲਟ ਗਈ। ਹਾਲਾਂਕਿ, ਹਾਦਸੇ ਦੇ ਕਾਰਨ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ। ਮੁੱਢਲੀ ਜਾਣਕਾਰੀ ਦੇ ਆਧਾਰ ‘ਤੇ, ਨੈਸ਼ਨਲ ਟ੍ਰਾਂਸਪੋਰਟ ਸੇਫਟੀ ਅਥਾਰਟੀ ਨੇ ਸੰਕੇਤ ਦਿੱਤਾ ਹੈ ਕਿ ਸ਼ਾਇਦ ਗਲਤ ਢੰਗ ਨਾਲ ਓਵਰਟੇਕ ਕਰਨ ਦੀ ਕੋਸ਼ਿਸ਼ ਕਾਰਨ ਇਹ ਹਾਦਸਾ ਵਾਪਰਿਆ ਹੋਵੇ।
ਕੀਨੀਆ ਦੇ ਰਾਸ਼ਟਰਪਤੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਸਾਰੇ ਜਨਤਕ ਯਾਤਰੀ ਵਾਹਨਾਂ ਦੀ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਨੇ ਡਰਾਈਵਰਾਂ ਨੂੰ ਸਾਵਧਾਨੀ ਵਰਤਣ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।












