September 21, 2026, 10:41 pm
----------- Advertisement -----------
HomeNewsBreaking Newsਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਦਿੱਤਾ, ਨਿੱਜੀ ਏਜੰਡੇ...

ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਦਿੱਤਾ, ਨਿੱਜੀ ਏਜੰਡੇ ਲਈ ਸਿੱਖ ਸੰਸਥਾਵਾਂ ਦੀ ਵਰਤੋਂ ਕੀਤੀ: ਬਲਤੇਜ ਪੰਨੂ

Published on

----------- Advertisement -----------

ਚੰਡੀਗੜ੍ਹ 21 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ ਨੂੰ ਬਾਦਲ ਪਰਿਵਾਰ ‘ਤੇ ਤਿੱਖੇ ਹਮਲੇ ਕਰਦਿਆਂ ਇਤਿਹਾਸਕ ਅਕਾਲੀ ਦਲ ਨੂੰ ਕੁਰਬਾਨੀਆਂ ‘ਤੇ ਬਣੀ ਪੰਥਕ ਲਹਿਰ ਤੋਂ ਇੱਕ ਪਰਿਵਾਰਕ ਸਿਆਸੀ ਪਾਰਟੀ ਬਣਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਨੇ ਯੋਜਨਾਬੱਧ ਤਰੀਕੇ ਨਾਲ ਸਿੱਖ ਸੰਸਥਾਵਾਂ ‘ਤੇ ਕਬਜ਼ਾ ਕਰਨ ਅਤੇ ਉਨ੍ਹਾਂ ਦੀ ਵਰਤੋਂ ਨਿੱਜੀ ਤੇ ਸਿਆਸੀ ਹਿੱਤਾਂ ਲਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਮਰਜੀਤ ਸਿੰਘ ਚਾਵਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਐਸਜੀਪੀਸੀ ਦੀ ਸਰਾਂ ਵਿੱਚ ਮਹੀਨਿਆਂ ਤੱਕ ਠਹਿਰਾਈ ਗਈ ਔਰਤ ਨਾਲ ਜੁੜੇ ਵਿਵਾਦ ਦਾ ਹਵਾਲਾ ਦਿੰਦਿਆਂ ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਅਜਿਹੀਆਂ ਤਾਕਤਾਂ ਕਿਵੇਂ ਦਿੱਤੀਆਂ ਗਈਆਂ, ਵਿਰਸਾ ਸਿੰਘ ਵਾਲਟੋਹਾ ਅਤੇ ਸਰਬਜੀਤ ਸਿੰਘ ਝਿੰਜਰ ਵੱਲੋਂ ਉਸ ਮਹਿਲਾ ਨੂੰ ਉੱਥੇ ਕਿਉਂ ਲਿਆਂਦਾ ਗਿਆ ਅਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਸ ਦੀ ਸ਼ਿਕਾਇਤ ‘ਤੇ ਕੀ ਕਾਰਵਾਈ ਕੀਤੀ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਮੋਰਚਿਆਂ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਸੀ, ਜਿਸ ਵਿੱਚ ਆਮ ਅਕਾਲੀ ਮੋਢਿਆਂ ‘ਤੇ ਸਿਰਫ਼ ਪਰਨਾ ਰੱਖ ਕੇ ਜੇਲ੍ਹਾਂ ਵਿੱਚ ਜਾਂਦੇ ਸਨ ਅਤੇ ਆਪਣੀਆਂ ਕੁਰਬਾਨੀਆਂ ਨਾਲ ‘ਜਥੇਦਾਰ’ ਦਾ ਖਿਤਾਬ ਹਾਸਲ ਕਰਦੇ ਸਨ। ਪੰਨੂ ਨੇ ਕਿਹਾ, “ਉਹ ਸ਼ਬਦ ਕਮਾਇਆ ਗਿਆ ਸੀ, ਇਹ ਅਜਿਹੀ ਚੀਜ਼ ਨਹੀਂ ਸੀ ਜੋ ਕੋਈ ਵੀ ਆਪਣੇ ਨਾਮ ਨਾਲ ਜੋੜ ਲਵੇ।” ਉਨ੍ਹਾਂ ਅੱਗੇ ਕਿਹਾ ਕਿ ਇਹ ਪਰੰਪਰਾ ਹੁਣ ਖ਼ਤਮ ਹੋ ਚੁੱਕੀ ਹੈ ਕਿਉਂਕਿ ਇੱਕ ਖ਼ਾਸ ਪਰਿਵਾਰ ਨੇ ਇਸ ਮੋਰਚੇ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਪੂਰੇ ਸਿਆਸੀ ਜੀਵਨ ਦੌਰਾਨ ਆਪਣੇ ਨਾਂ ਨਾਲ ‘ਜਥੇਦਾਰ’ ਨਹੀਂ ਜੋੜ ਸਕੇ ਕਿਉਂਕਿ ਉਸ ਰੁਤਬੇ ਲਈ ਬਹੁਤ ਵੱਡੇ ਯੋਗਦਾਨ ਦੀ ਲੋੜ ਹੁੰਦੀ ਸੀ।

ਆਪ ਦੇ ਮੀਡੀਆ ਇੰਚਾਰਜ ਨੇ ਕਿਹਾ ਕਿ ਬਾਦਲ ਪਰਿਵਾਰ ਹੁਣ ਇਹ ਦਾਅਵਾ ਨਹੀਂ ਕਰ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਸੱਚਮੁੱਚ ਇੱਕ ਖੇਤਰੀ ਜਾਂ ਨੁਮਾਇੰਦਾ ਪੰਥਕ ਪਾਰਟੀ ਹੈ। ਬਲਤੇਜ ਪੰਨੂ ਨੇ ਕਿਹਾ, “ਅਕਾਲੀ ਦਲ ਬਾਦਲ ਨਾਂ ਤੋਂ ਹੀ ਸਾਫ਼ ਹੁੰਦਾ ਹੈ ਕਿ ਇਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ।” ਉਨ੍ਹਾਂ ਸਵਾਲ ਕੀਤਾ ਕਿ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਸਿੱਖ ਕੌਮ ਲਈ ਆਖਿਰ ਕੀ ਏਜੰਡਾ ਤੈਅ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਐਸਜੀਪੀਸੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਹਾਲ ਹੀ ਵਿੱਚ ਦਰਜ ਹੋਈ ਐਫਆਈਆਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਵਿੱਚ ਇੱਕ ਔਰਤ ਵੱਲੋਂ ਲਾਏ ਦੋਸ਼ਾਂ ਨੇ ਸਿੱਖ ਸੰਸਥਾਵਾਂ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਸਵਾਲ ਕੀਤਾ “ਐਫਆਈਆਰ ਵਿੱਚ ਇੱਕ ਔਰਤ ਦੇ ਇਹ ਦੋਸ਼ ਸ਼ਾਮਲ ਹਨ ਕਿ ਉਸ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਇੱਕ ਮਹਿਲਾ ਮਹੀਨਿਆਂ ਬੱਧੀ ਐਸਜੀਪੀਸੀ ਦੀ ਸਰਾਂ ਵਿੱਚ ਕਿਵੇਂ ਠਹਿਰ ਸਕਦੀ ਹੈ? ਉਸ ਨੂੰ ਰਿਹਾਇਸ਼, ਗੱਡੀ ਅਤੇ ਹੋਰ ਸਹੂਲਤਾਂ ਕਿਸ ਨੇ ਦਿੱਤੀਆਂ ਅਤੇ ਇਸ ਦਾ ਖ਼ਰਚਾ ਕਿਸ ਨੇ ਚੁੱਕਿਆ?”।

ਬਲਤੇਜ ਪੰਨੂ ਨੇ ਵਿਸ਼ੇਸ਼ ਤੌਰ ‘ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਭੂਮਿਕਾ ‘ਤੇ ਸਵਾਲ ਚੁੱਕੇ ਅਤੇ ਮੰਗ ਕੀਤੀ ਕਿ ਧਾਮੀ ਸਪੱਸ਼ਟ ਕਰਨ ਕਿ ਜਦੋਂ ਔਰਤ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਪਹੁੰਚੀ ਤਾਂ ਕੀ ਕਾਰਵਾਈ ਕੀਤੀ ਗਈ। ਉਨ੍ਹਾਂ ਪੁੱਛਿਆ, “ਤੁਸੀਂ ਕਹਿੰਦੇ ਹੋ ਕਿ ਪੁਲਿਸ ਦੀ ਕੋਈ ਲੋੜ ਨਹੀਂ ਹੈ ਅਤੇ ਤੁਸੀਂ ਆਪ ਹੀ ਸਭ ਕੁਝ ਸੰਭਾਲ ਲਵੋਗੇ, ਫਿਰ ਤੁਸੀਂ ਹਫ਼ਤਿਆਂ ਅਤੇ ਮਹੀਨਿਆਂ ਤੱਕ ਚੁੱਪ ਕਿਉਂ ਰਹੇ?”

ਬਲਤੇਜ ਪੰਨੂ ਨੇ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਸਿਆਸੀ ਅਤੇ ਜਥੇਬੰਦਕ ਸਬੰਧਾਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਬਹਿਰੀਨ ਤੋਂ ਔਰਤ ਦੀ ਟਿਕਟ ਦਾ ਪ੍ਰਬੰਧ ਕਿਉਂ ਕੀਤਾ, ਵਿਰਸਾ ਸਿੰਘ ਵਾਲਟੋਹਾ ਇਸ ਵਿੱਚ ਕਿਉਂ ਸ਼ਾਮਲ ਸਨ ਅਤੇ ਪ੍ਰੈੱਸ ਕਾਨਫਰੰਸ ਅਸਲ ਵਿੱਚ ਕਿਸ ਮਕਸਦ ਲਈ ਬੁਲਾਈ ਗਈ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਜਿੰਦਰ ਸਿੰਘ ਧਾਮੀ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

ਬਲਤੇਜ ਪੰਨੂ ਨੇ ਅੱਗੇ ਸਵਾਲ ਕੀਤਾ ਕਿ ਗੰਭੀਰ ਦੋਸ਼ਾਂ ਦੇ ਬਾਵਜੂਦ ਅਮਰਜੀਤ ਸਿੰਘ ਚਾਵਲਾ ਆਪਣੇ ਨਾਂ ਨਾਲ ‘ਭਾਈ’ ਸ਼ਬਦ ਦੀ ਵਰਤੋਂ ਕਿਉਂ ਕਰਦੇ ਰਹੇ, ਜਦਕਿ ਸਿੱਖ ਪਰੰਪਰਾ ਵਿੱਚ ਅਜਿਹੇ ਖਿਤਾਬ ਆਚਰਣ ਅਤੇ ਯੋਗਦਾਨ ਨਾਲ ਕਮਾਏ ਜਾਂਦੇ ਹਨ।

ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਗਈ ਕਾਰਵਾਈ ਦਾ ਹਵਾਲਾ ਵੀ ਦਿੱਤਾ, ਜਿਸ ਨੇ 20 ਸਤੰਬਰ ਨੂੰ ਇਸ ਵਿਵਾਦ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਅਤੇ ਐਸਜੀਪੀਸੀ ਮੁਲਾਜ਼ਮ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ਤੋਂ ਛੇਕ ਦਿੱਤਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਇਹ ਘਟਨਾ ਕੋਈ ਵੱਖਰੀ ਗੱਲ ਨਹੀਂ ਹੈ, ਸਗੋਂ ਇਹ ਬਾਦਲ ਪਰਿਵਾਰ ਦੇ ਸਿੱਖ ਸੰਸਥਾਵਾਂ ‘ਤੇ ਕਬਜ਼ਾ ਕਰਨ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੇ ਵੱਡੇ ਰੁਝਾਨ ਦਾ ਹਿੱਸਾ ਹੈ।”

2015 ਦੇ ਬੇਅਦਬੀ ਵਿਵਾਦ ਦਾ ਜ਼ਿਕਰ ਕਰਦਿਆਂ ਬਲਤੇਜ ਪੰਨੂ ਨੇ ਕਿਹਾ, “ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ ਅਤੇ ਪ੍ਰਸ਼ਾਸਨ ਨੂੰ ਚੁਣੌਤੀ ਦੇਣ ਵਾਲੇ ਪੋਸਟਰ ਮਹੀਨਿਆਂ ਤੱਕ ਲੱਗੇ ਰਹੇ ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਜਦੋਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸਿੱਖ ਸੰਗਤ ਰੋਸ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉੱਤਰੀ ਤਾਂ ਪ੍ਰਦਰਸ਼ਨਕਾਰੀਆਂ ‘ਤੇ ਵਾਟਰ ਕੈਨਨ, ਹੰਝੂ ਗੈਸ ਅਤੇ ਗੋਲੀਆਂ ਚਲਾਈਆਂ ਗਈਆਂ।”

ਉਨ੍ਹਾਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਸਥਿਤੀ ਨੂੰ ਜਿਸ ਤਰ੍ਹਾਂ ਸੰਭਾਲਿਆ ਗਿਆ, ਉਸ ਨਾਲ ਸਿੱਖ ਸੰਗਤ ਦੀ ਆਸਥਾ ਨੂੰ ਠੇਸ ਪਹੁੰਚੀ। ਉਨ੍ਹਾਂ ਕਿਹਾ “ਬੇਅਦਬੀ ਦਾ ਦੋਸ਼ ਸਿੱਖਾਂ ‘ਤੇ ਮੜ੍ਹਨ ਦੀ ਕੋਸ਼ਿਸ਼ ਵਿੱਚ ਦੋ ਸਿੱਖ ਨੌਜਵਾਨਾਂ ‘ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ। ਪੰਜਾਬ ਦੇ ਲੋਕ 2015 ਤੋਂ 2017 ਦੇ ਵਿਚਕਾਰ ਜੋ ਕੁਝ ਵਾਪਰਿਆ, ਉਸ ਨੂੰ ਨਹੀਂ ਭੁੱਲੇ ਹਨ,”।

ਬਲਤੇਜ ਪੰਨੂ ਨੇ ਕਿਹਾ ਕਿ ਬਾਦਲ ਏਜੰਡੇ ਦਾ ਦੂਜਾ ਹਿੱਸਾ ਸਿੱਖ ਸੰਸਥਾਵਾਂ ‘ਤੇ ਕਬਜ਼ਾ ਕਰਨਾ ਅਤੇ ਫਿਰ ਉਨ੍ਹਾਂ ਸੰਸਥਾਵਾਂ ਦੀ ਵਰਤੋਂ ਸਿਆਸੀ ਤੇ ਨਿੱਜੀ ਲਾਭਾਂ ਲਈ ਕਰਨਾ ਹੈ।

ਪੰਜਾਬ ਵਿਧਾਨ ਸਭਾ ਵਿੱਚ ਕਿਸੇ ਦੇ ਭੋਗ ‘ਤੇ ਲੰਗਰ ਲਈ ਐਸਜੀਪੀਸੀ ਦੇ ਸਰੋਤਾਂ ਦੀ ਵਰਤੋਂ ਬਾਰੇ ਦਿੱਤੇ ਗਏ ਬਿਆਨਾਂ ਦਾ ਹਵਾਲਾ ਦਿੰਦਿਆਂ ਪੰਨੂ ਨੇ ਕਿਹਾ, “ਧਾਰਮਿਕ ਸੰਸਥਾਵਾਂ ਤੋਂ ਵੀ ਬਾਦਲ ਪਰਿਵਾਰ ਦੇ ਹਿੱਤਾਂ ਦੀ ਸੇਵਾ ਕਰਵਾਈ ਗਈ। ਗੰਭੀਰ ਵਿਵਾਦਾਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨੂੰ ਬਾਦਲ ਲੀਡਰਸ਼ਿਪ ਵੱਲੋਂ ਵਾਰ-ਵਾਰ ਅਹਿਮਿਅਤ ਕਿਉਂ ਦਿੱਤੀ ਗਈ?”

ਬਟਾਲਾ ਦੇ ਗੁਰਦੁਆਰਾ ਕੰਧ ਸਾਹਿਬ ਵਿਖੇ ਹਾਲ ਹੀ ਵਿੱਚ ਹੋਏ ਇੱਕ ਸਮਾਗਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੇ ਵਿਰੋਧ ਦੇ ਬਾਵਜੂਦ ਸੁੱਚਾ ਸਿੰਘ ਲੰਗਾਹ ਨੂੰ ਸਟੇਜ ਦਿੱਤੀ ਗਈ। ਉਨ੍ਹਾਂ ਇਸ ਦੀ ਤੁਲਨਾ ਦੂਜਿਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਨਾਲ ਕੀਤੀ ਅਤੇ ਪੁੱਛਿਆ ਕਿ ਅਜਿਹੇ ਫ਼ੈਸਲਿਆਂ ਨਾਲ ਸਿੱਖ ਸੰਸਥਾਵਾਂ ਦੀ ਕਾਰਜਪ੍ਰਣਾਲੀ ਬਾਰੇ ਕੀ ਸੁਨੇਹਾ ਜਾਂਦਾ ਹੈ।

ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਸਵਾਲ ਇਹ ਹੈ ਕਿ ਅਮਰਜੀਤ ਸਿੰਘ ਚਾਵਲਾ ਵਰਗੇ ਵਿਅਕਤੀਆਂ ਨੂੰ ਉਨ੍ਹਾਂ ਸੰਸਥਾਵਾਂ ਵਿੱਚ ਇੰਨੀਆਂ ਵਿਆਪਕ ਤਾਕਤਾਂ ਕਿਉਂ ਦਿੱਤੀਆਂ ਗਈਆਂ ਜੋ ਸਿੱਖ ਕੌਮ ਦੀ ਸੇਵਾ ਲਈ ਬਣੀਆਂ ਸਨ। ਉਨ੍ਹਾਂ ਪੁੱਛਿਆ “ਦੋ ਪੱਕੇ ਕਮਰੇ ਕਿਵੇਂ ਦਿੱਤੇ ਜਾ ਸਕਦੇ ਹਨ? ਇੱਕ ਔਰਤ ਨੂੰ ਉੱਥੇ ਮਹੀਨਿਆਂ ਤੱਕ ਕਿਵੇਂ ਰੱਖਿਆ ਜਾ ਸਕਦਾ ਹੈ? ਗੱਡੀ ਅਤੇ ਸੇਵਾਦਾਰ ਕਿਵੇਂ ਮੁਹੱਈਆ ਕਰਵਾਏ ਗਏ? ਇਸ ਸਭ ਦਾ ਭੁਗਤਾਨ ਕਿਸ ਨੇ ਕੀਤਾ?”।

ਬਲਤੇਜ ਪੰਨੂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵਾਰ-ਵਾਰ ਸਿਆਸੀ ਸਟੈਂਡ ਲੈਣ ‘ਤੇ ਸਿੱਧਾ ਸਵਾਲ ਚੁੱਕਦਿਆਂ ਕਿਹਾ ਕਿ ਧਾਮੀ ਨੇ ਆਪਣੇ ਆਪ ਨੂੰ “ਸੁਖਬੀਰ ਸਿੰਘ ਬਾਦਲ ਦਾ ਸਿਪਾਹੀ” ਦੱਸਿਆ ਸੀ। ਉਨ੍ਹਾਂ ਕਿਹਾ” ਉਨ੍ਹਾਂ ਨੂੰ ਹੁਣ ਸਿੱਖ ਕੌਮ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਬਾਦਲ ਪਰਿਵਾਰ ਦੇ ਸਿਪਾਹੀ ਵਜੋਂ ਕੰਮ ਕਰ ਰਹੇ ਹਨ ਜਾਂ ਗੁਰੂ ਸਾਹਿਬ ਦੇ ਸੇਵਕ ਵਜੋਂ,”।

ਬਲਤੇਜ ਪੰਨੂ ਨੇ ਮੰਗ ਕੀਤੀ ਕਿ ਐਸਜੀਪੀਸੀ ਗੁਰਦੁਆਰਿਆਂ ਅਤੇ ਸਰਾਵਾਂ ਦੇ ਬਾਹਰ ਉਨ੍ਹਾਂ ਵਿਅਕਤੀਆਂ ਦੇ ਬੋਰਡ ਅਤੇ ਤਸਵੀਰਾਂ ਲਗਾਵੇ ਜਿਨ੍ਹਾਂ ਨੂੰ ਹੁਣ ਸਿੱਖ ਪੰਥ ਤੋਂ ਛੇਕ ਦਿੱਤਾ ਗਿਆ ਹੈ ਤਾਂ ਜੋ ਸੰਗਤ ਸੁਚੇਤ ਰਹਿ ਸਕੇ। ਉਨ੍ਹਾਂ ਅੱਗੇ ਕਿਹਾ, “ਕੌਮ ਨੂੰ ਇਹ ਜਾਣਨ ਦਾ ਹੱਕ ਹੈ ਕਿ ਪੰਥ ਵਿੱਚੋਂ ਛੇਕੇ ਗਏ ਲੋਕਾਂ ਖ਼ਿਲਾਫ਼ ਇਹ ਕਾਰਵਾਈ ਕਿਉਂ ਕੀਤੀ ਗਈ ਹੈ।”

ਬਾਦਲ ਪਰਿਵਾਰ ਦੇ ਆਗੂਆਂ ਦੀ ਚੁੱਪ ‘ਤੇ ਸਵਾਲ ਚੁੱਕਦਿਆਂ ਪੰਨੂ ਨੇ ਪੁੱਛਿਆ ਕਿ ਹਰਸਿਮਰਤ ਕੌਰ ਬਾਦਲ ਨੇ ਔਰਤ ਨਾਲ ਜੁੜੇ ਦੋਸ਼ਾਂ ‘ਤੇ ਇੱਕ ਸ਼ਬਦ ਵੀ ਕਿਉਂ ਨਹੀਂ ਬੋਲਿਆ, ਅਤੇ ਬਿਕਰਮ ਮਜੀਠੀਆ ਅਤੇ ਹੋਰ ਆਗੂ ਜੋ ਅਕਸਰ ਹਰ ਮੁੱਦੇ ‘ਤੇ ਲਾਈਵ ਹੁੰਦੇ ਹਨ, ਉਹ ਹੁਣ ਚੁੱਪ ਕਿਉਂ ਹਨ? “ਸੁਖਬੀਰ ਬਾਦਲ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਅਮਰਜੀਤ ਚਾਵਲਾ ਨੂੰ ਅਜਿਹੀਆਂ ਤਾਕਤਾਂ ਕਿਸ ਨੇ ਦਿੱਤੀਆਂ, ਇਹ ਤਾਕਤਾਂ ਕਿਉਂ ਦਿੱਤੀਆਂ ਗਈਆਂ ਅਤੇ ਐਸਜੀਪੀਸੀ ਦੇ ਅਧੀਨ ਆਉਂਦੀਆਂ ਸੰਸਥਾਵਾਂ ਨੂੰ ਅਜਿਹੀ ਸਥਿਤੀ ‘ਚ ਪਹੁੰਚਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਬਾਦਲ ਪਰਿਵਾਰ ਆਪਣੇ ਸਰਕਾਰ ਦੇ ਸਾਲਾਂ ਦੌਰਾਨ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਕਰ ਚੁੱਕਾ ਹੈ ਅਤੇ ਉਸ ਸਮੇਂ ਦੌਰਾਨ ਉੱਭਰੀਆਂ ਨਸ਼ਿਆਂ ਅਤੇ ਗੈਂਗਸਟਰਾਂ ਦੀਆਂ ਸਮੱਸਿਆਵਾਂ ਨੇ ਸੂਬੇ ਨੂੰ ਡੂੰਘੀ ਸੱਟ ਮਾਰੀ ਹੈ।”

ਬਲਤੇਜ ਪੰਨੂ ਨੇ ਕਿਹਾ, “ਭਗਵੰਤ ਮਾਨ ਸਰਕਾਰ ਪੰਜਾਬ ਨੂੰ ਮੁੜ ਲੀਹ ‘ਤੇ ਲਿਆਉਣ ਲਈ ਕੰਮ ਕਰ ਰਹੀ ਹੈ, ਪਰ ਬਾਦਲ ਧੜੇ ਵੱਲੋਂ ਸਿੱਖ ਸੰਸਥਾਵਾਂ ਨੂੰ ਪਹੁੰਚਾਇਆ ਜਾ ਰਿਹਾ ਨੁਕਸਾਨ ਇੱਕ ਹੋਰ ਗੰਭੀਰ ਚੁਣੌਤੀ ਬਣ ਗਿਆ ਹੈ।”

ਆਪ ਪੰਜਾਬ ਦੇ ਮੀਡੀਆ ਇੰਚਾਰਜ ਨੇ ਦੁਨੀਆ ਭਰ ਦੇ ਸਿੱਖ ਬੁੱਧੀਜੀਵੀਆਂ ਅਤੇ ਸਮੁੱਚੀ ਸਿੱਖ ਸੰਗਤ ਨੂੰ ਆਵਾਜ਼ ਉਠਾਉਣ ਦੀ ਅਪੀਲ ਕੀਤੀ। “ਜੇਕਰ ਸਿੱਖ ਬੁੱਧੀਜੀਵੀ ਅਤੇ ਪੰਜਾਬੀ ਚੁੱਪ ਰਹੇ ਤਾਂ ਬਾਦਲ ਪਰਿਵਾਰ ਅਤੇ ਉਨ੍ਹਾਂ ਦਾ ‘ਜੁੰਡਲੀ’ ਸਿੱਖ ਸੰਸਥਾਵਾਂ ਅਤੇ ਪੰਜਾਬ ਦਾ ਹੋਰ ਨੁਕਸਾਨ ਕਰੇਗੀ। ਬਲਤੇਜ ਪੰਨੂ ਨੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੋਰ ਨੁਕਸਾਨ ਹੋਣ ਤੋਂ ਪਹਿਲਾਂ ਆਵਾਜ਼ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਹੁਣ ਸਮਾਂ ਆ ਗਿਆ ਹੈ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਵੱਲੋਂ ਸਿੱਖ ਸੰਸਥਾਵਾਂ ‘ਤੇ ਬਿਠਾਏ ਗਏ ਲੋਕਾਂ ਨੂੰ ਪੰਜਾਬ ਦੀ ਰਾਜਨੀਤੀ ਅਤੇ ਇਹਨਾਂ ਸੰਸਥਾਵਾਂ ਤੋਂ ਬਾਹਰ ਕੀਤਾ ਜਾਵੇ,”।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਵਨੀਤ ਸਿੰਘ ਬਿੱਟੂ, ਪ੍ਰਤਾਪ ਬਾਜਵਾ ਅਤੇ ਬਿਕਰਮ ਮਜੀਠੀਆ ਨਸ਼ਾ ਤਸਕਰ ਦੇ ਬਚਾਅ ਵਿੱਚ ਕਿਉਂ ਆਏ? : ਆਪ

ਚੰਡੀਗੜ੍ਹ; 21 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਸਵਾਲ ਚੁੱਕਿਆ ਕਿ ਵਿਰੋਧੀ ਆਗੂ...

ਮਹਿਲਾ ਤੇ ਪੁਰਸ਼ ਹਾਕੀ ਦੇ ਸੈਮੀਫਾਈਨਲ 30 ਸਤੰਬਰ ਅਤੇ 1 ਅਕਤੂਬਰ ਨੂੰ, ਫਾਈਨਲ 2 ਅਤੇ 3 ਅਕਤੂਬਰ ਨੂੰ

*ਚੰਡੀਗੜ੍ਹ, 21 ਸਤੰਬਰ:ਅੰਤਰਰਾਸ਼ਟਰੀ ਹਾਕੀ ਦੇ ਨਕਸ਼ੇ 'ਤੇ ਪੰਜਾਬ ਦੀ ਵਧਦੀ ਸਰਦਾਰੀ ਨੂੰ ਪ੍ਰਵਾਨਗੀ ਦਿੰਦਿਆਂ...

5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ

ਚੰਡੀਗੜ੍ਹ, 21 ਸਤੰਬਰ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਵਿੱਚ ਚਲਾਈ...

ਜਲੰਧਰ ‘ਚ ਮਸ਼ਹੂਰ YouTuber ਮਨੀ ਸ਼ੋਕਰ ਗ੍ਰਿਫ਼ਤਾਰ, 5 ਵਿਦੇਸ਼ੀ ਪਿਸਤੌਲ ਬਰਾਮਦ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਸ਼ਹੂਰ ਪੰਜਾਬੀ ਯੂਟਿਊਬਰ ਮਨੀ ਸ਼ੋਕਰ ਅਤੇ ਉਸਦੇ ਦੋ ਸਾਥੀਆਂ ਨੂੰ...

ਏਸ਼ਿਆਈ ਖੇਡਾਂ ‘ਚ ਭਾਰਤ ਨੇ ਜਿੱਤੇ 6 ਮੈਡਲ, ਸ਼ੂਟਿੰਗ ‘ਚ ਆਏ 5 ਤਗਮੇ

ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਝੋਲੀ ਹੁਣ ਤੱਕ...

‘ਤੂੰ ਉਨ੍ਹਾਂ ਨਾਲ ਕੋਲੈਬ ਕੀਤੇ ਆ, ਜਿਨ੍ਹਾਂ ਨੇ ਸਿੱਧੂ ਨੂੰ ਹਮੇਸ਼ਾ ਮਾੜਾ ਬੋਲਿਆ’ Afsana Khan ‘ਤੇ ਭੜਕਿਆ ਬਿੱਲਾ ਸਿੱਧੂ ਘੁੰਮਣ

ਮਰਹੂਮ ਸਿੱਧੂ ਮੂਸੇਵਾਲਾ ਦਾ ਜਿਗਰੀ ਯਾਰ ਬਿੱਲਾ ਸਿੱਧੂ ਘੁੰਮਣ ਅਫਸਾਨਾ ਖਾਨ ‘ਤੇ ਭੜਕਿਆ। ਘੁੰਮਣ...

ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ...

ਮੁਅੱਤਲ DIG ਭੁੱਲਰ ਖ਼ਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ

ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ ਐੱਚ.ਐੱਸ. ਭੁੱਲਰ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼...

ਛੇ ਸੂਬਿਆਂ ਦੇ Kishau ਪ੍ਰਾਜੈਕਟ ’ਚ ਪੰਜਾਬ ਦਾ ਨਾਮ ਸ਼ਾਮਲ ਨਹੀਂ; ਪੰਜਾਬ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ

ਪੰਜਾਬ ਸਰਕਾਰ ਨੇ ਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਖ਼ਿਲਾਫ਼ ਸੁਪਰੀਮ ਕੋਰਟ ’ਚ ਜਾਣ ਦੀ ਤਿਆਰੀ ਖਿੱਚ...