ਮਾਨਸਾ ਵਿਚ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਝੋਟੇ ਦਾ ਅੱਜ ਦੀਵਾਲੀ ਵਾਲੇ ਦਿਨ ਅੰਤਿਮ ਸਸਕਾਰ ਕੀਤਾ ਗਿਆ। ਪਿਤਾ ਭੀਮ ਸਿੰਘ ਤੇ ਦੋਵੇਂ ਪੁੱਤਰਾਂ ਅੰਗਦਵੀਰ ਤੇ ਹਰਫਤੇਹ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਇਸ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚਕੇਰੀਆ ਰੋਡ ਸਥਿਤ ਉਨ੍ਹਾਂ ਦੇ ਖੇਤ ਵਿਚ ਲਿਆਂਦਾ ਗਿਆ। ਇਸ ਦੌਰਾਨ ਦੋਵਾਂ ਪੁੱਤਰਾਂ ਨੇ ‘ਪਰਵਿੰਦਰ ਝੋਟਾ ਅਮਰ ਰਹੇ’ ਦੇ ਜੈਕਾਰੇ ਲਗਾਏ।
ਦੱਸ ਦੇਈਏ ਕਿ ਬੀਤੇ ਦਿਨੀਂ ਚੰਡੀਗੜ੍ਹ ਪੀਜੀਆਈ ਵਿਚ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਅੱਜ ਸਵੇਰੇ 5 ਵਜੇ ਝੋਟੇ ਦੀ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਨੂੰ ਸੌਂਪੀ ਗਈ। ਚੰਡੀਗੜ੍ਹ ਤੋਂ ਮਾਨਸਾ ਪਹੁੰਚਣ ਤੱਕ ਮ੍ਰਿਤਕ ਦੇਹ ਨੂੰ ਥਾਂ-ਥਾਂ ਲੋਕਾਂ ਨੇ ਅੰਤਿਮ ਦਰਸ਼ਨ ਕਰਕੇ ਸ਼ਰਧਾਂਜਲੀ ਦਿੱਤੀ ਤੇ ਫੁੱਲ ਬਰਸਾਏ। 13 ਅਕਤੂਬਰ ਨੂੰ ਨਸ਼ਾ ਵੇਚਣ ਦੇ ਵਿਰੋਧ ਕਰਨ ‘ਤੇ ਕੈਮਿਸਟ ਨੇ ਗੋਲੀਆਂ ਮਾਰ ਕੇ ਝੋਟੇ ਦਾ ਕਤਲ ਕਰ ਦਿੱਤਾ ਸੀ।
ਦੂਜੇ ਪਾਸੇ ਝੋਟੇ ਦੇ ਪਿਤਾ ਭੀਮ ਸਿੰਘ ਦੀ ਭੁੱਖ ਹੜਤਾਲ ਜਾਰੀ ਹੈ। ਉਨ੍ਹਾਂ ਕਿਹਾ ਕਿ SSP ਵੈਭਵ ਚੌਧਰੀ ਦਾ ਤਬਾਦਲਾ ਹੋਣ ਤੱਕ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ। ਉਨ੍ਹਾਂ ਨੇ 5 ਤਰੀਕ ਤੋਂ ਕੁਝ ਨਹੀਂ ਖਾਧਾ ਹੈ ਤੇ ਸਿਰਫ ਪਾਣੀ ਪੀ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਚੌਧਰੀ ਦੇ ਨਸ਼ਾ ਨਾ ਰੋਕਣ ਦੀ ਵਜ੍ਹਾ ਤੋਂ ਹੀ ਝੋਟੇ ਦਾ ਕਤਲ ਹੋਇਆ।











