ਨਿਊ ਅੰਮ੍ਰਿਤਸਰ ਦੇ ਭਾਈ ਗੁਰਦਾਸ ਜੀ ਨਗਰ ਵਿਖੇ ਕਾਂਗਰਸ ਪਾਰਟੀ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਸ਼ਿਵਾਨੀ ਸ਼ਰਮਾ ਨੇ ਮੌਜੂਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੌਰਵ ‘ਮਿੱਠੂ’ ਮਦਾਨ ‘ਤੇ ਆਪਣੇ ਸਰਕਾਰੀ ਗੰਨਮੈਨਾਂ ਸਮੇਤ ਘਰ ‘ਚ ਵੜ ਕੇ ਹਮਲਾ ਕਰਨ ਅਤੇ ਖਿੱਚ-ਧੂਹ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸ਼ਿਵਾਨੀ ਸ਼ਰਮਾ ਨੇ ਦੱਸਿਆ ਕਿ ਮਿੱਠੂ ਮਦਾਨ ਆਪਣੇ ਗੰਨਮੈਨਾਂ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚਿਆ ਅਤੇ ਘਰ ਦੇ ਬਾਹਰ ਊਲ-ਜਲੂਲ ਬੋਲਦਿਆਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ ਨੂੰ ਬਾਹਰ ਬੁਲਾਉਣ ਲੱਗਾ। ਜਦੋਂ ਸ਼ਿਵਾਨੀ ਸ਼ਰਮਾ ਨੇ ਇਸ ਗੁੰਡਾਗਰਦੀ ਦਾ ਵਿਰੋਧ ਕੀਤਾ ਤਾਂ ਮਿੱਠੂ ਮਦਾਨ ਨੇ ਨਵੇਂ ਬਣੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦੇਣ ਵਾਲੀ ਇਕ ਸੋਸ਼ਲ ਮੀਡੀਆ ਪੋਸਟ ‘ਤੇ ‘ਤਨਜ਼ ‘ ਕੱਸਦਿਆਂ ਬਹਿਸ ਸ਼ੁਰੂ ਕਰ ਦਿੱਤੀ। ਮਿੱਠੂ ਮਦਾਨ ਨੇ ਤੜਫਦਿਆਂ ਕਿਹਾ, “ਰਾਜਾ ਵੜਿੰਗ ਹਾਲੇ ਵੀ ਪਾਰਟੀ ਵਿਚ ਹੀ ਹਨ, ਕਿਤੇ ਨਹੀਂ ਗਏ।”
ਸ਼ਿਵਾਨੀ ਸ਼ਰਮਾ ਮੁਤਾਬਕ, ਵਿਰੋਧ ਕਰਨ ‘ਤੇ ਮਿੱਠੂ ਮਦਾਨ ਨੇ ਘਰ ਦੇ ਅੰਦਰ ਵੜ ਕੇ ਉਨ੍ਹਾਂ ਨਾਲ ਖਿੱਚ-ਧੂਹ ਕੀਤੀ। ਪੀੜਤ ਧਿਰ ਵਲੋਂ ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਸਬੂਤ ਵਜੋਂ ਬਣਾ ਲਈ ਗਈ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।ਸ਼ਿਵਾਨੀ ਸ਼ਰਮਾ ਨੇ ਖ਼ੁਲਾਸਾ ਕੀਤਾ ਕਿ ਜਦੋਂ ਉਹ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਸਨ, ਉਦੋਂ ਵੀ ਮਿੱਠੂ ਮਦਾਨ ਵਲੋਂ ਉਨ੍ਹਾਂ ਨਾਲ ਲਗਾਤਾਰ ਬਦਸਲੂਕੀ ਕੀਤੀ ਜਾਂਦੀ ਸੀ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਅੱਜ ਇਕ ਵਾਰ ਫਿਰ ਉਸੇ ਗੁੰਡਾਗਰਦੀ ਨੂੰ ਦੁਹਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਮਕਬੂਲਪੁਰਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਇਸ ਮਾਮਲੇ ਨੂੰ ਪਾਰਟੀ ਹਾਈਕਮਾਂਡ ਦੇ ਸਾਹਮਣੇ ਪੂਰੇ ਜ਼ੋਰ-ਸ਼ੋਰ ਨਾਲ ਚੁੱਕਿਆ ਜਾਵੇਗਾ।
ਇੱਥੇ ਇਹ ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਕਿਸਾਨ ਸੈੱਲ ਦੇ ਪ੍ਰਧਾਨ ਜਤਿੰਦਰ ਰਾਣਾ ਨੇ ਵੀ ਵੀਡੀਓ ਜਾਰੀ ਕਰਕੇ ਮਿੱਠੂ ਮਦਾਨ ‘ਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਸਨ। ਹਾਲਾਂਕਿ, ਉਸ ਸਮੇਂ ਮਿੱਠੂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਸਿਰਫ਼ ‘ਵਾਰਡ ਵਿਚ ਦਖ਼ਲ ਨਾ ਦੇਣ’ ਦੀ ਗੱਲ ਆਖੀ ਸੀ।
ਸ਼ਿਵਾਨੀ ਸ਼ਰਮਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਮਿੱਠੂ ਮਦਾਨ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਤੁਰੰਤ ਇਨਸਾਫ਼ ਦਿਵਾਇਆ ਜਾਵੇ।
ਇਸ ਮੌਕੇ ਥਾਣਾ ਮਕਬੂਲਪੁਰਾ ਦੀ ਮੁਖੀ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਿਵਾਨੀ ਸ਼ਰਮਾਂ ਦੇ ਬਿਆਨਾਂ ‘ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਥਾਂ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।
----------- Advertisement -----------
ਕਾਂਗਰਸ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ ‘ਤੇ ਲਾਏ ਖਿੱਚ-ਧੂਹ ਅਤੇ ਧੱਕੇਸ਼ਾਹੀ ਦੇ ਦੋਸ਼
Published on
----------- Advertisement -----------
----------- Advertisement -----------












