ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ (Mad Sandhu) ਦੇ ਅੰਤਿਮ ਸਸਕਾਰ ਤੋਂ ਬਾਅਦ ਉਸ ਦੇ ਪਰਿਵਾਰ ਦਾ ਦਰਦ ਛਲਕ ਪਿਆ ਹੈ। ਪੋਸਟਮਾਰਟਮ ਤੋਂ ਬਾਅਦ ਹੋਏ ਸਸਕਾਰ ਦੌਰਾਨ ਪਰਿਵਾਰ ਨੇ ਸਵਾਲ ਚੁੱਕੇ ਹਨ ਕਿ ਜਿਹੜੇ ‘ਦੋਸਤ’ ਜਿਊਂਦੇ ਜੀਅ ਸੰਧੂ ਨਾਲ ਹਰ ਵੇਲੇ ਘੁੰਮਦੇ-ਫਿਰਦੇ ਸੀ, ਉਹ ਆਖਰੀ ਸਮੇਂ ਪਿੱਠ ਦਿਖਾ ਗਏ।
ਮੈਡ ਸੰਧੂ ਦੇ ਛੋਟੇ ਭਰਾ ਨੇ ਭਾਵੁਕ ਹੁੰਦਿਆਂ ਦੋਸ਼ ਲਾਇਆ ਕਿ ਜਦੋਂ ਤੱਕ ਉਸ ਦਾ ਭਰਾ ਜਿਊਂਦਾ ਸੀ, ਦੋਸਤ ਉਸ ਦੇ ਪੈਸਿਆਂ ’ਤੇ ਐਸ਼ ਕਰਦੇ ਸਨ। ਉਹ ਉਸ ਨਾਲ ਸ਼ਾਪਿੰਗ ’ਤੇ ਜਾਂਦੇ, ਘੁੰਮਦੇ-ਫਿਰਦੇ ਅਤੇ ਖਾਣ-ਪੀਣ ਦਾ ਸਾਰਾ ਖਰਚਾ ਮੈਡ ਸੰਧੂ ਹੀ ਚੁੱਕਦਾ ਸੀ। ਪਰ ਜਦੋਂ ਉਸ ਦੀ ਦੇਹ ਅੰਤਿਮ ਯਾਤਰਾ ’ਤੇ ਸੀ, ਤਾਂ ਉਨ੍ਹਾਂ ਵਿੱਚੋਂ ਇੱਕ ਵੀ ਦੋਸਤ ਸ਼ਮਸ਼ਾਨਘਾਟ ਨਹੀਂ ਪਹੁੰਚਿਆ। ਭਰਾ ਨੇ ਕਿਹਾ ਕਿ ਉਸ ਨੇ ਆਪਣੇ ਵੱਡੇ ਭਰਾ ਦੇ ਰੂਪ ਵਿੱਚ ਆਪਣਾ ਸਭ ਤੋਂ ਵੱਡਾ ਸਹਾਰਾ ਖੋਹ ਦਿੱਤਾ ਹੈ, ਜੋ ਉਸ ਦੀ ਹਰ ਛੋਟੀ ਤੋਂ ਛੋਟੀ ਖਵਾਹਿਸ਼ ਪੂਰੀ ਕਰਦਾ ਸੀ।ਜ਼ਿਕਰਯੋਗ ਹੈ ਕਿ ਇੰਸਟਾਗ੍ਰਾਮ ’ਤੇ 2.61 ਲੱਖ ਫਾਲੋਅਰਜ਼ ਅਤੇ ਆਪਣਾ ਸੈਲੂਨ ਕਾਰੋਬਾਰ ਚਲਾਉਣ ਵਾਲਾ ਸੰਧੂ ਟੀਵੀ ਸ਼ੋਅ ‘ਬਿਗ ਬੌਸ’ ਵਿੱਚ ਵੀ ਹਿੱਸਾ ਲੈਣ ਵਾਲਾ ਸੀ। 3 ਅਕਤੂਬਰ ਦੀ ਸ਼ਾਮ ਨੂੰ ਲੋਹਾਰਕਾ ਰੋਡ ’ਤੇ ਹਮਲਾਵਰਾਂ ਨੇ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।ਇਸ ਹੱਤਿਆ ਤੋਂ ਬਾਅਦ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਅਤੇ ਲੱਕੀ ਜੋਹਲ ਨੇ ਅਲੱਗ-ਅਲੱਗ ਪੋਸਟਾਂ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ (DCP) ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗੈਂਗਸਟਰਾਂ ਦੇ ਦਾਅਵਿਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।












