‘ਬਿੱਗ ਬੌਸ 14’ ਦੀ ਸਾਬਕਾ ਮੁਕਾਬਲੇਬਾਜ਼ ਅਤੇ ਪੰਜਾਬੀ ਗਾਇਕਾ-ਅਦਾਕਾਰਾ ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸਾਰਾ ਨੇ ਦੱਸਿਆ ਕਿ ਰਿਐਲਿਟੀ ਸ਼ੋਅ ‘ਰਾਈਜ਼ ਐਂਡ ਫਾਲ 2’ ਤੋਂ ਬਾਹਰ ਹੋਣ ਤੋਂ ਬਾਅਦ ਕੁਝ ਲੋਕ ਉਸਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਇੰਨਾ ਹੀ ਨਹੀਂ, ਉਸਨੂੰ ਜਾਨੋਂ ਮਾਰਨ ਅਤੇ ਜਬਰ-ਜ਼ਨਾਹ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਸਾਰਾ ਗੁਰਪਾਲ ਨੇ ਦੱਸਿਆ ਕਿ ਸਿਰਫ਼ ਉਸਨੂੰ ਹੀ ਨਹੀਂ, ਸਗੋਂ ਉਸਦੇ ਪਰਿਵਾਰ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਪਰੇਸ਼ਾਨ ਹੋ ਕੇ ਗਾਇਕਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਹਾਲ ਹੀ ਵਿੱਚ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸਟੋਰੀ ਸਾਂਝੀ ਕੀਤੀ। ਇਸ ਵਿੱਚ ਉਸਨੇ ਦੱਸਿਆ ਕਿ ‘ਰਾਈਜ਼ ਐਂਡ ਫਾਲ 2’ ਵਿੱਚ ਉਸਦਾ ਤਜ਼ਰਬਾ ਕਾਫ਼ੀ ਵੱਖਰਾ ਰਿਹਾ, ਪਰ ਸ਼ੋਅ ਤੋਂ ਬਾਹਰ ਆਉਣ ਮਗਰੋਂ ਉਸ ਨਾਲ ਜੋ ਕੁਝ ਹੋ ਰਿਹਾ ਹੈ, ਉਹ ਬਹੁਤ ਹੀ ਮਾੜਾ ਹੈ।












