ਸ੍ਰੀਲੰਕਾ ਵਿੱਚ ਕਰਵਾਏ ਗਏ ਵੱਕਾਰੀ ਕੌਮਾਂਤਰੀ ਸੁੰਦਰਤਾ ਮੁਕਾਬਲੇ ‘ਮਿਸਿਜ਼ ਯੂਨੀਵਰਸ 2026’ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਅੰਮ੍ਰਿਤਸਰ ਦੀ ਡਾ. ਸੇਹਰ ਓਮਪ੍ਰਕਾਸ਼ ਨੇ ਦੇਸ਼ ਅਤੇ ਪੰਜਾਬ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। 120 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਵਿਚਕਾਰ ਹੋਏ ਸਖ਼ਤ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡਾ. ਸੇਹਰ ਨੇ ਥਰਡ ਰਨਰ-ਅੱਪ ਦਾ ਖ਼ਿਤਾਬ ਆਪਣੇ ਨਾਮ ਕੀਤਾ। ਅੰਮ੍ਰਿਤਸਰ ਵਾਪਸ ਪਰਤਣ ‘ਤੇ ਕਰਵਾਈ ਗਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਆਪਣੀ ਇਸ ਇਤਿਹਾਸਕ ਅਤੇ ਪ੍ਰੇਰਨਾਦਾਇਕ ਯਾਤਰਾ ਦੇ ਤਜਰਬੇ ਮੀਡੀਆ ਨਾਲ ਸਾਂਝੇ ਕੀਤੇ।
ਪ੍ਰੈੱਸ ਕਾਨਫਰੰਸ ਦੌਰਾਨ ਡਾ. ਸੇਹਰ ਨੇ ਦੱਸਿਆ ਕਿ “ਇਸ ਕੌਮਾਂਤਰੀ ਮੁਕਾਬਲੇ ਵਿੱਚ ਦੁਨੀਆ ਭਰ ਦੇ 120 ਦੇਸ਼ਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ ਸੀ। ਭਾਵੇਂ ਜੇਤੂ ਦਾ ਤਾਜ ਮੋਨਾਕੋ ਦੇ ਨਾਮ ਰਿਹਾ, ਪਰ ਭਾਰਤ ਵੱਲੋਂ ਹਿੱਸਾ ਲੈਂਦਿਆਂ ਡਾ. ਸੇਹਰ ਨੇ ਮੁਕਾਬਲੇ ਦੇ ਵੱਖ-ਵੱਖ ਪੜਾਵਾਂ ਵਿੱਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੈਂ ਪਹਿਲਾਂ ਟਾਪ-25 ਅਤੇ ਫਿਰ ਟਾਪ-4 ਵਿੱਚ ਜਗ੍ਹਾ ਬਣਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਬੈਸਟ ਨੈਸ਼ਨਲ ਕੌਸਟਿਊਮ ਅਤੇ ਬ੍ਰਿਲੀਅੰਟ ਪਰਫਾਰਮੈਂਸ ਐਵਾਰਡ ਵੀ ਜਿੱਤੇ।”
ਡਾ. ਸੇਹਰ ਪੇਸ਼ੇ ਵਜੋਂ ਮੈਕਸਿਲੋਫੇਸ਼ੀਅਲ ਅਤੇ ਫੇਸ਼ੀਅਲ ਪਲਾਸਟਿਕ ਸਰਜਨ ਹਨ। ਉਹ ਆਪਣੀ ਪੜ੍ਹਾਈ ਦੌਰਾਨ ਗੋਲਡ ਮੈਡਲਿਸਟ ਵੀ ਰਹਿ ਚੁੱਕੇ ਹਨ। ਉਨ੍ਹਾਂ ਦੱਸਿਆ ਕਿ “ਮਿਸਿਜ਼ ਯੂਨੀਵਰਸ ਮੁਕਾਬਲੇ ਦੌਰਾਨ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਇੱਕ ਵਿਸ਼ੇਸ਼ ਮੰਚ ਵੀ ਸੀ, ਜਿੱਥੇ ਪ੍ਰਤੀਯੋਗੀਆਂ ਨੂੰ ਘਰੇਲੂ ਹਿੰਸਾ ਦੇ ਮੁੱਦੇ ‘ਤੇ ਆਪਣੇ ਵਿਚਾਰ ਰੱਖਣੇ ਸਨ। ਇੱਕ ਸਰਜਨ ਹੋਣ ਦੇ ਨਾਤੇ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਅਤੇ ਹੋਰ ਪੀੜਤਾਂ ਦੇ ਚਿਹਰਿਆਂ ਦੀ ਮੁੜ ਬਣਤਰ ਲਈ ਰੀਕੰਸਟ੍ਰਕਟਿਵ ਸਰਜਰੀ ਅਤੇ ਇਲਾਜ ਮੁਫ਼ਤ ਕਰਦੀਆਂ ਹਨ, ਤਾਂ ਜੋ ਉਹ ਮੁੜ ਸਮਾਜ ਵਿੱਚ ਆਤਮ-ਵਿਸ਼ਵਾਸ ਅਤੇ ਸਨਮਾਨ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ।”












