ਧੂਰੀ ਤੋਂ ਪਟਿਆਲਾ ਜਾ ਰਹੀ ਪਹਿਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਰੂਰ ਪਹੁੰਚਣ ’ਤੇ ਭਵਾਨੀਗੜ੍ਹ ਨੇੜੇ ਬੱਸ ਕੰਧ ਵਿਚ ਜਾ ਵੱਜੀ, ਜਿਸ ਵਿਚ 3 ਸਵਾਰੀਆਂ ਦੀ ਮੌਕੇ ’ਤੇ ਮੌਤ ਹੋ ਗਈ ਤੇ 24 ਗੰਭੀਰ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਸਵੇਰੇ ਧੂਰੀ ਤੋਂ ਪਹਿਲੀ ਬੱਸ ਜੋ ਵਾਇਆ ਸੰਗਰੂਰ ਹੁੰਦੀ ਹੋਈ ਪਟਿਆਲਾ ਹਰ ਰੋਜ ਜਾਂਦੀ ਹੈ, ਅੱਜ ਜਦੋਂ ਧੂਰੀ ਤੋਂ ਨਿਕਲੀ ਅਤੇ ਸਵਾਰੀਆਂ ਨਾਲ ਭਰੀ ਹੋਈ ਸੀ ਤਾਂ ਭਵਾਨੀਗੜ੍ਹ ਦੇ ਨੇੜੇ ਪੁਲ ਦੇ ਕੋਲ ਜਾ ਕੇ ਅਚਾਨਕ ਕੰਧ ਦੇ ਵਿਚ ਜਾ ਵੱਜੀ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਸੰਗਰੂਰ ਵਿੱਚ PRTC ਬੱਸ ਦੇ ਦਰਦਨਾਕ ਹਾਦਸੇ ਦੀ ਖ਼ਬਰ ਬੇਹੱਦ ਦੁਖਦਾਈ ਹੈ। ਇਸ ਹਾਦਸੇ ਵਿੱਚ 3 ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸਾਰੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
DSP ਨੇ ਕਿਹਾ- ਡਰਾਈਵਰ ਦੀ ਗ਼ਲਤੀ: ਸੰਗਰੂਰ ਦੇ DSP ਦਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਡਰਾਈਵਰ ਬੱਸ ਲੈ ਕੇ ਧੂਰੀ ਤੋਂ ਦੇਰੀ ਨਾਲ ਰਵਾਨਾ ਹੋਇਆ ਸੀ। ਉਸ ਨੂੰ ਸਮੇਂ ਦੀ ਇਸ ਦੇਰੀ ਦੀ ਭਰਪਾਈ ਕਰਨੀ ਸੀ, ਜਿਸ ਕਾਰਨ ਉਹ ਬੱਸ ਨੂੰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਇਸੇ ਕਾਰਨ ਬੱਸ ਪੁਲ ਦੀ ਕੰਧ ਨਾਲ ਟਕਰਾਉਣ ਤੋਂ ਬਾਅਦ ਖੇਤਾਂ ਵਿੱਚ ਪਲਟ ਗਈ।
ਧੁੰਦ ਨਹੀਂ ਸੀ, ਡਰਾਈਵਰ ਨੇ ਗੁਆਇਆ ਕੰਟਰੋਲ: ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ASI ਮੇਹਰ ਸਿੰਘ ਨੇ ਦੱਸਿਆ ਕਿ ਤੜਕੇ ਧੁੰਦ ਨਹੀਂ ਸੀ। ਸਵਾਰੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਬੱਸ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਇਸ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਹਾਦਸਾ ਵਾਪਰ ਗਿਆ।












