ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਿਜਲੀ ਬਿਲਾਂ ਨੂੰ ਲੈ ਕੇ ਨਵੀਂ ਯੋਜਨਾ ਲੈ ਕੇ ਆਈ ਹੈ। ਘਰੇਲੂ ਖਪਤਕਾਰਾਂ ਲਈ ਇੱਕ ਵਾਰ ਵਨ ਟਾਈਮ ਸੈਟਲਮੈਂਟ ਸਕੀਮ (OTS) ਸ਼ੁਰੂ ਕੀਤੀ ਜਾ ਰਹੀ ਹੈ। ਕਈ ਘਰੇਲੂ ਖਪਤਕਾਰਾਂ ਤੇ 31 ਮਾਰਚ, 2026 ਤੱਕ ਬਕਾਇਆ ਬਿੱਲ ਹਨ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ, ਜਿਸ ਕਾਰਨ ਜੁਰਮਾਨੇ ਅਤੇ ਵਿਆਜ ਲੱਗ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਪੈਂਡਿੰਗ ਬਿੱਲ ਦੀ ਰਕਮ ਕਾਫੀ ਵੱਡੀ ਹੋ ਗਈ ਹੈ। ਅਸੀਂ ਉਨ੍ਹਾਂ ਦਾ ਜੁਰਮਾਨਾ ਅਤੇ ਵਿਆਜ ਮੁਆਫ਼ ਕਰ ਰਹੇ ਹਾਂ। ਸਿਰਫ਼ ਮੂਲ ਰਕਮ ਦਾ ਹੀ ਭੁਗਤਾਨ ਕਰਨਾ ਹੋਵੇਗਾ। ਜਿਹੜੇ ਘਰੇਲੂ ਖਪਤਕਾਰ ਦਾ ਬਿੱਲ ਨਾ ਭਰਨ ਕਰਕੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ, ਉਹ ਓਟੀਐਸ ਸਕੀਮ ਦੀਆਂ ਸ਼ਰਤਾਂ ਪੂਰੀਆਂ ਕਰਕੇ ਅਤੇ ਬਕਾਇਆ ਰਕਮ ਦਾ ਭੁਗਤਾਨ ਕਰਕੇ ਆਪਣੇ ਕੁਨੈਕਸ਼ਨ ਬਹਾਲ ਕਰਵਾ ਸਕਣਗੇ।
ਮੁਆਫ਼ ਕੀਤੇ ਜਾਣਗੇ 518 ਕਰੋੜ – ਸੀਐਮ ਮਾਨ
ਮੁੱਖ ਮੰਤਰੀ ਨੇ ਕਿਹਾ ਕਿ 25% ਰਕਮ ਸ਼ੁਰੂ ਵਿੱਚ ਜਮ੍ਹਾ ਕਰਵਾਉਣੀ ਹੋਵੇਗੀ। ਬਾਕੀ 75% ਦੀ 6-6 ਮਹੀਨਿਆਂ ਦੀਆਂ 2 ਕਿਸ਼ਤਾਂ ਹੋ ਜਾਣਗੀਆਂ। ਇਸ ਸਕੀਮ ਨਾਲ 24 ਲੱਖ 86 ਹਜ਼ਾਰ ਘਰੇਲੂ ਖਪਤਕਾਰਾਂ ਨੂੰ ਲਾਭ ਮਿਲੇਗੀ।ਉਨ੍ਹਾਂ ਕਿਹਾ ਕਿ ਕੁੱਲ ਬਕਾਇਆ 2516 ਕਰੋੜ ਰੁਪਏ ਦਾ ਹੈ। ਇਸ ਵਿੱਚੋਂ 518 ਕਰੋੜ ਮੁਆਫ਼ ਕੀਤੇ ਜਾਣਗੇ। ਨੋਟੀਫਿਕੇਸ਼ਨ ਕੱਲ੍ਹ ਜਾਰੀ ਕੀਤਾ ਜਾਵੇਗਾ। ਲੋਕਾਂ ਨੂੰ ਕਿਤੇ ਵੀ ਭਾਲਣ ਦੀ ਲੋੜ ਨਹੀਂ ਪਵੇਗੀ। ਓਟੀਐਸ ਬਿੱਲ ਉਨ੍ਹਾਂ ਦੇ ਘਰ ਭੇਜੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਹੋਵੇ ਜਾਂ ਸ਼ਹਿਰਾਂ ਵਿੱਚ, ਇਸ ਦਾ ਫਾਇਦਾ ਸਾਰਿਆਂ ਨੂੰ ਮਿਲੇਗਾ। 600 ਯੂਨਿਟ ਤੱਕ ਪਹਿਲਾਂ ਹੀ ਮੁਆਫ਼ ਕੀਤੇ ਜਾ ਚੁੱਕੇ ਹਨ। ਇਸ ਤੋਂ ਵੱਧ ਬਕਾਇਆ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ।
ਕੁਝ ਪਰਦੇ ਦੇ ਪਿੱਛੇ ਰਹਿ ਕੇ ਕਰਦੇ ਹਨ ਕੰਮ – ਸੀਐਮ ਮਾਨ
ਟਿਕਟਾਂ ਕੱਟਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਬਹੁਤਾ ਨਾਰਾਜ਼ ਨਹੀਂ ਹੈ। ਥੋੜ੍ਹਾ ਜਿਹਾ ਮਨੁੱਖੀ ਸੁਭਾਅ ਹੈ, ਇਹ ਚੱਲਦਾ ਰਹਿੰਦਾ ਹੈ। ਹਰ ਬੰਦੇ ਨੂੰ ਤਾਂ ਟਿਕਟ ਨਹੀਂ ਦਿੱਤੀ ਜਾ ਸਕਦਾ। ਬਹੁਤ ਸਾਰੇ ਬੰਦੇ ਪਾਰਟੀ ਵਿੱਚ ਦੂਜੀਆਂ ਜਿੰਮੇਵਾਰੀਆਂ ਨਿਭਾਉਣਗੇ। ਸਾਰੇ ਪਰਦੇ ਤੇ ਨਹੀਂ ਆਉਂਦੇ, ਕੁਝ ਪਰਦੇ ਦੇ ਪਿੱਛੇ ਰਹਿ ਕੇ ਅਹਿਮ ਭੂਮਿਕਾਵਾਂ ਨਿਭਾਉਂਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਚੋਣ ਨਹੀਂ ਲੜਣਗੇ।
ਸੁਨੀਲ ਜਾਖੜ ‘ਤੇ ਸੀਐਮ ਦਾ ਤਿੱਖਾ ਤੰਜ
ਅਕਾਲੀ-ਭਾਜਪਾ ਗੱਠਜੋੜ ਤੇ ਉਨ੍ਹਾਂ ਕਿਹਾ ਕਿ ਹੋ ਰਿਹਾ ਹੈ ਚੰਗੀ ਗੱਲ ਹੈ। ਇਹ ਸਾਡੇ ਲਈ ਕੋਈ ਚੁਣੌਤੀ ਨਹੀਂ ਹੈ; ਇਹ ਜ਼ੀਰੋ ਗੁਣਾ ਜ਼ੀਰੋ ਹੈ। ਬੀਜੇਪੀ ਆਗੂ ਸੁਨੀਲ ਜਾਖੜ ਦੇ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਖਿਲਾਫ਼ ਚੋਣਾ ਲੜਣ ਦੇ ਬਿਆਨ ਤੇ ਸੀਐਮ ਮਾਨ ਨੇ ਕਿਹਾ ਕਿ ਉਹ ਫੜਫੜਾਉਂਦਾ ਹੋਇਆ ਦੀਵਾ ਹਨ। ਉਨ੍ਹਾਂ ਦਾ ਸੰਨਿਆਸ ਲੈਣਾ ਤਾਂ ਬੰਣਦਾ ਹੈ। ਭਲਾ ਕੇਜਰੀਵਾਲ ਅਤੇ ਸਿਸੋਦੀਆ ਪੰਜਾਬ ਕਿਵੇਂ ਆ ਸਕਦੇ ਹਨ।












