ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਲੜਭਡੋਲ ਵਿਚ ਇਕ ਸੜਕ ਹਾਦਸੇ ਵਿਚ 6 ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਬੀਤੀ ਦੇਰ ਰਾਤ ਜਨਮ ਦਿਨ ਮਨਾ ਕੇ ਘਰ ਪਰਤ ਰਹੇ 6 ਨੌਜਵਾਨਾਂ ਦੀ ਕਾਰ ਬੇਕਾਬੂ ਹੋ ਕੇ ਲਗਭਗ 200 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਨਾਲ ਕਾਰ ਸਵਾਰ ਸਾਰੇ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਚਾਰ ਨਾਬਾਲਗ ਸਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉਡ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਦੇਰ ਰਾਤ ਹੋਏ ਇਸ ਹਾਦਸੇ ਦਾ ਕਿਸੇ ਨੂੰ ਪਤਾ ਤੱਕ ਨਹੀਂ ਚਲਿਆ। ਦੂਜੇ ਪਾਸੇ ਨੌਜਵਾਨ ਜਦੋਂ ਰਾਤ ਭਰ ਘਰ ਨਹੀਂ ਪਹੁੰਚੇ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ।
ਫਿਰ ਦੁਪਹਿਰ 2 ਵਜੇ ਇਕ ਬਾਈਕ ਸਵਾਰ ਦੀ ਨਜ਼ਰ ਸੜਕ ਤੋਂ ਹੇਠਾਂ ਖੱਡ ਵਿਚ ਡਿੱਗੀ ਕਾਰ ‘ਤੇ ਪਈ। ਇਸ ਦੀ ਸੂਚਨਾ ਸਥਾਨਕ ਲੋਕਾਂ ਨੂੰ ਦਿੱਤੀ। ਇਸ ਮਗਰੋਂ ਹਾਦਸੇ ਦਾ ਪਤਾ ਲੱਗਾ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚੇ। ਕਈ ਲੋਕ ਆਪਣੀ ਜਾਨ ਜੋਖਿਮ ਵਿਚ ਪਾ ਕੇ ਡੂੰਘੀ ਖੱਡ ਵਿਚ ਉਤਰੇ ਤੇ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਦੋਂ ਤੱਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ।
ਜਾਣਕਾਰੀ ਮੁਤਾਬਕ 6 ਨੌਜਵਾਨ ਕਿਸੇ ਰਿਸ਼ਤੇਦਾਰ ਦੇ ਘਰ ਜਨਮਦਿਨ ਮਨਾਉਣ ਗਏ ਸਨ। ਉਥੋਂ ਦੇਰ ਰਾਤ ਕਾਰ ਵਿਚ ਸਵਾਰ ਹੋ ਕੇ ਆਪਣੇ ਘਰਾਂ ਲਈ ਨਿਕਲੇ ਸਨ। ਰਸਤੇ ਵਿਚ ਲੜਭਡੋਲ ਦੇ ਪੈਟਰੋਲ ਪੰਪ ਦੇ ਕੋਲ ਕਾਰ ਬੇਕਾਬੂ ਹੋ ਗਈ ਤੇ ਸੜਕ ਤੋਂ ਹੇਠਾਂ 200 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਰਾਤ ਦਾ ਸਮਾਂ ਹੋਣ ਕਰਕੇ ਹਾਦਸੇ ਨੂੰ ਕਿਸੇ ਨੇ ਨਹੀਂ ਦੇਖਿਆ।












