2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਐਕਸ਼ਨ ਮੋਡ ਵਿਚ ਹਨ। ਇਸੇ ਦੇ ਮੱਦੇਨਜ਼ਰ ਮੋਗਾ ‘ਚ AAP ਦੀ ‘ਖੁਸ਼ਹਾਲ ਪੰਜਾਬ’ ਮਹਾ ਰੈਲੀ ਅੱਜ ਹੋਵੇਗੀ। 2027 ਦੀਆਂ ਚੋਣਾਂ ਲਈ AAP ਹੁੰਕਾਰ ਭਰੇਗੀ। ਇਸ ਰੈਲੀ ਵਿਚ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸ਼ਾਮਿਲ ਹੋਣਗੇ ਤੇ ਇਸ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਤੇ ਐਲਾਨੇ ਗਏ ਉਮੀਦਵਾਰ ਸ਼ਾਮਿਲ ਹੋਣਗੇ। ਉਨ੍ਹਾਂ ਵੱਲੋਂ ਇਸ ਮਹਾਰੈਲੀ ਵਿਚ 5 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਜਦੀਦ ਵਿਚ ਹੋਣ ਵਾਲੀ ਰੈਲੀ ਵਿਚ ਲਗਭਗ 116 ਏਕੜ ਜ਼ਮੀਨ ਵਿਚ ਪੰਡਾਲ ਤੇ ਹੋਰ ਵਿਵਸਥਾਵਾਂ ਤਿਆਰ ਕੀਤੀਆਂ ਗਈਆਂ ਹਨ। ਰੈਲੀ ਵਿਚ 1.50 ਲੱਖ ਤੋਂ ਵਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਸੂਬਾ ਪੱਧਰੀ ਸਮਾਰੋਹ ਦੌਰਾਨ ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਜ਼ਰੀਏ ਲਾਭਪਾਤਰੀਆਂ ਨੂੰ ਸਰਕਾਰੀ ਰਾਸ਼ਨ ਦੀ ਸਹੂਲਤ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਕਦਮ ਚੁੱਕਿਆ ਜਾਵੇਗਾ।
ਪ੍ਰਸ਼ਾਸਨ ਨੇ ਪਾਰਕਿੰਗ, ਪੀਣ ਦੇ ਪਾਣੀ, ਸਾਫ-ਸਫਾਈ, ਸੁਰੱਖਿਆ, ਬੈਠਣ ਤੇ ਟ੍ਰੈਫਿਕ ਡਾਇਵਰਜਨ ਦੇ ਪ੍ਰਬੰਧ ਕੀਤੇ ਹਨ। ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ।












