ਮੋਦੀ ਕੈਬਨਿਟ ਨੇ ਲੋਕ ਸਭਾ ਵਿਚ 50% ਤੱਕ ਸੀਟਾਂ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਪੀਐੱਮ ਮੋਦੀ ਦੀ ਅਗਵਾਈ ਵਿਚ ਸੇਵਾ ਤੀਰਥ ਵਿਚ ਲਗਭਗ ਇਕ ਘੰਟੇ ਬੈਠਕ ਚੱਲੀ। ਇਸ ਵਿਚ ਸਰਕਾਰ ਵੱਲੋਂ ਹੱਦਬੰਦੀ ਨਾਲ ਜੁੜੇ ਮਹਿਲਾ ਰਾਖਵਾਂਕਰਨ ਦੇ ਨਵੇਂ ਬਿੱਲ ਨੂੰ ਵੀ ਮਨਜ਼ੂਰੀ ਦਿੱਤੀ ਗਈ ।
ਸਰਕਾਰ ਉਸ ਪਿਛਲੇ ਕਾਨੂੰਨ ਵਿਚ ਸੋਧ ਕਰਨ ‘ਤੇ ਵਿਚਾਰ ਕਰ ਰਹੀ ਹੈ ਜਿਸ ਦਾ ਉਦੇਸ਼ ਲੋਕ ਸਭਾ ਤੇ ਰਾਜ ਵਿਧਾਨ ਸਭਾ ਵਿਚ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਪ੍ਰਦਾਨ ਕਰਦਾ ਹੈ। ਇਹ ਪ੍ਰਸਤਾਵਿਤ ਬਦਲਾਅ ਅਪ੍ਰੈਲ ਵਿਚ ਲੋਕ ਸਭਾ ਵਿਚ ਸੰਵਿਧਾਨ ਬਿੱਲ 2026 ਦੇ ਪਾਸ ਨਾ ਹੋਣ ਦੇ ਬਾਅਦ ਲਿਆਂਦੇ ਜਾ ਰਹੇ ਹਨ। ਪਿਛਲੇ ਬਿਲ ਵਿਚ ਮਹਿਲਾ ਰਾਖਵਾਂਕਰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਹੱਦਬੰਦੀ ਨਾਲ ਜੋੜਿਆ ਗਿਆ ਤੇ ਲੋਕ ਸਭਾ ਦੀ ਮੌਜੂਦਾ 543 ਸੀਟਾਂ ਨੂੰ ਵਧਾ ਕੇ 850 ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ।
ਲੋਕ ਸਭਾ ਵਿਚ ਅਜੇ 543 ਸੀਟਾਂ ਹਨ। 50 ਫੀਸਦੀ ਵਾਧੇ ਦੇ ਬਾਅਦ ਇਹ 815 ਹੋ ਜਾਣਗੀਆਂ ਯਾਨੀ 272 ਸੀਟਾਂ ਵਧਣਗੀਆਂ। ਵਧਾਈਆਂ ਗਈਆਂ ਸਾਰੀਆਂ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਕੀਤੀਆਂ ਜਾ ਸਕਦੀਆਂ ਹਨ। ਕੁੱਲ ਸੀਟਾਂ ਦੀ ਇਹ ਗਿਣਤੀ ਅਗਲੇ 25 ਸਾਲ ਤੱਕ ਨਹੀਂ ਬਦਲੇਗੀ। ਸੂਤਰਾਂ ਮੁਤਾਬਕ ਨਵੇਂ ਬਿਲ ਵਿਚ ਕੁਝ ਬਦਲਾਅ ਕੀਤੇ ਗਏ ਹਨ ਤਾਂ ਕਿ ਹੱਦਬੰਦੀ ਦੇ ਬਾਅਦ ਕਿਸੇ ਵੀ ਸੂਬੇ ਦੀਆਂ ਲੋਕ ਸਭਾ ਵਿਚ ਸੀਟਾਂ ਦੀ ਹਿੱਸੇਦਾਰੀ ਦੂਜੇ ਸੂਬਿਆਂ ਦੇ ਮੁਕਾਬਲੇ ਘੱਟ ਨਾ ਹੋਵੇ। ਸਰਕਾਰ ਇਸ ਨੂੰ 30 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿਚ ਪਾਸ ਕਰਾਉਣਾ ਚਾਹੁੰਦੀ ਹੈ।












