ਪੰਜਾਬ ਦੀ ਲੋਅ-ਪ੍ਰੋਫਾਈਲ ਸੀਟ ਧੂਰੀ ਅਚਾਨਕ ਸਿਆਸੀ ਸੁਰਖੀਆਂ ਵਿੱਚ ਆ ਗਈ ਹੈ। ਇਸ ਦਾ ਕਾਰਨ ਆਮ ਆਦਮੀ ਪਾਰਟੀ (ਆਪ) ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਹੈ, ਜੋ ਇੱਥੋਂ ਚੋਣ ਲੜ ਰਹੇ ਹਨ। ਭਗਵੰਤ ਮਾਨ ਦੇ ਆਉਣ ਤੋਂ ਬਾਅਦ ਇਹ ਪੰਜਾਬ ਦੀ ਹੌਟ ਸੀਟ ਬਣ ਗਈ ਹੈ। ਧੂਰੀ ਸੀਟ ਜੋ ਕਿ ਪਹਿਲਾਂ ਕਾਂਗਰਸ ਲਈ ਸੁਰੱਖਿਅਤ ਸੀ, ਨੂੰ ਬਚਾਉਣ ਲਈ ਪਾਰਟੀ ਦੇ ਸਾਹਮਣੇ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।
ਭਗਵੰਤ ਮਾਨ ਦੇ ਆਉਣ ਨਾਲ ਇੱਥੋਂ ਚੋਣ ਲੜ ਰਹੇ ਕਾਂਗਰਸੀ ਵਿਧਾਇਕ ਦਲਬੀਰ ਗੋਲਡੀ ਦੀ ਖਿੱਚੋਤਾਣ ਵਧ ਗਈ ਹੈ। ਇਸ ਕਾਰਨ ਉਸ ਨੇ ਨੰਗੇ ਪੈਰੀਂ ਚੋਣ ਪ੍ਰਚਾਰ ਵੀ ਕੀਤਾ ਹੈ। ਅਜਿਹੇ ਯਤਨਾਂ ਦੇ ਬਾਵਜੂਦ ਦਿਹਾਤੀ ਖੇਤਰਾਂ ਵਿੱਚ ‘ਆਪ’ ਦੀ ਮਜ਼ਬੂਤੀ ਕਾਰਨ ਕਾਂਗਰਸ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਭਗਵੰਤ ਮਾਨ ‘ਆਪ’ ਦੇ ਸਟਾਰ ਪ੍ਰਚਾਰਕ ਹਨ। ਉਹ ਪੂਰੇ ਪੰਜਾਬ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਨੇ ਧੂਰੀ ਦੀ ਕਮਾਨ ਸੰਭਾਲ ਲਈ ਹੈ। ਉਹ ਪਿੰਡ-ਪਿੰਡ ਗਲੀ-ਮੁਹੱਲੇ ਵਿੱਚ ਜਾ ਕੇ ਆਪਣੇ ਭਰਾ ਲਈ ਵੋਟਾਂ ਮੰਗ ਰਹੀ ਹੈ। ਇਸ ਵਿਚਕਾਰ ਭਗਵੰਤ ਦੀ ਮਾਤਾ ਹਰਪਾਲ ਕੌਰ ਵੀ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ। ਕਾਂਗਰਸ ਲਈ ਇਹ ਮੁਸ਼ਕਲ ਚੁਣੌਤੀ ਹੈ। ਇਸ ਲਈ ਉਮੀਦਵਾਰ ਗੋਲਡੀ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਸਿਮਰਤ ਕੌਰ ਨੇ ਵੀ ਚੋਣ ਪ੍ਰਚਾਰ ਲਈ ਜ਼ੋਰ ਲਾਇਆ ਹੈ।
ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਵਿੱਚ ਸੰਗਰੂਰ, ਸੁਨਾਮ, ਲਹਿਰਾਗਾਗਾ, ਦਿੜਬਾ ਅਤੇ ਧੂਰੀ ਸਮੇਤ ਪੰਜ ਵਿਧਾਨ ਸਭਾ ਹਲਕੇ ਹਨ। ਧੂਰੀ ਵਿਧਾਨ ਸਭਾ ਹਲਕੇ ਵਿੱਚ 1.63 ਲੱਖ ਦੇ ਕਰੀਬ ਵੋਟਰ ਹਨ, ਜਿੰਨਾਂ ਵਿੱਚੋਂ 86,102 ਮਰਦ ਅਤੇ 76949 ਔਰਤ ਵੋਟਰ ਹਨ। ਇਹ ਪੇਂਡੂ ਬਹੁਮਤ ਵਾਲੀ ਸੀਟ ਹੈ। ਧੂਰੀ ਵਿਧਾਨ ਸਭਾ ਹਲਕੇ ਦੇ ਚੋਣ ਇਤਿਹਾਸ ਉੱਤੇ ਜੇ ਨਜ਼ਰ ਮਾਰੀ ਜਾਵੇ ਤਾਂ ਇਸ ਸੀਟ ਉੱਤੇ ਕਾਂਗਰਸ ਅਤੇ ਅਕਾਲੀ ਦਲ ਵਿੱਚ ਮੁਕਾਬਲਾ ਰਿਹਾ ਹੈ। 1967 ਤੋਂ ਲੈ ਕੇ ਇਸ ਸੀਟ ਉੱਤੇ 5 ਵਾਰ ਕਾਂਗਰਸ ਅਤੇ 4 ਵਾਰ ਅਕਾਲੀ ਦਲ, ਦੋ ਵਾਰ ਅਜ਼ਾਦ ਉਮੀਦਵਾਰ ਅਤੇ ਇੱਕ ਵਾਰ ਸੀਪੀਆਈ ਜੇਤੂ ਰਹੀ ਹੈ।ਮੌਜੂਦਾ ਸਮੇਂ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਐੱਮਐੱਲਏ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ ਨੂੰ 2811 ਵੋਟਾਂ ਦੇ ਫਰਕ ਨਾਲ ਹਰਾਇਆ ਸੀ।












