ਧੂਰੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰਨ ਧੂਰੀ ਪੁੱਜੇ ਇਸ ਦੌਰਾਨ ਕੇਜਰੀਵਾਲ ਨੇ ਵਿਰੋਧੀਆਂ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਸੀਐਮ ਚਰਨਜੀਤ ਸਿੰਘ ਚੰਨੀ ‘ਤੇ ਕਿਹਾ ਕਿ ਚੰਨੀ ਸਾਹਿਬ ਭਦੌੜ ਅਤੇ ਚਮਕੌਰ ਸਾਹਿਬ ਸੀਟ ਤੋਂ ਲੜ ਰਹੇ ਹਨ ਅਤੇ ਅਸੀਂ ਇਨ੍ਹਾਂ ਸੀਟਾਂ ‘ਤੇ 3 ਵਾਰ ਸਰਵੇ ਕਰਵਾਏ ਹਨ। ਇਨ੍ਹਾਂ ‘ਚ ਚੰਨੀ ਸਾਹਿਬ ਦੋਵੇਂ ਸੀਟਾਂ ਤੋਂ ਹਾਰ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਮੁੱਖ ਮੰਤਰੀ ਚਿਹਰਾ ਤਾਂ ਹਨ, ਪਰ ਮੁੱਖ ਮੰਤਰੀ ਨਹੀਂ ਬਣਨਗੇ।
ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਹਨ। ਕੇਜਰੀਵਾਲ ਨੇ ਕਿਹਾ ਕਿ ਚੰਨੀ ਸਾਹਿਬ ਦੇ ਹਲਕੇ ‘ਚ ਹੀ ਰੇਤਾ ਚੋਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਪਤਾ ਲੱਗੀ ਹੈ ਕਿ ਈ. ਡੀ. ਸਾਹਮਣੇ ਚੰਨੀ ਸਾਹਿਬ ਦੇ ਭਾਣਜੇ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਉਸ ਦੇ ਘਰੋਂ ਮਿਲਿਆ ਪੈਸਾ ਚੰਨੀ ਸਾਹਿਬ ਦਾ ਹੈ ਤਾਂ ਫਿਰ ਇਸ ਹਿਸਾਬ ਨਾਲ ਹੁਣ ਤੱਕ ਚੰਨੀ ਸਾਹਿਬ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਗਈ।












