ਚੰਡੀਗੜ੍ਹ: ਡੇਰਾ ਸੱਚਾ ਸੌਦਾ ਪੰਜਾਬ ਵਿੱਚ ਇਸ ਵਾਰ 18 ਫਰਵਰੀ ਦੀ ਸ਼ਾਮ ਨੂੰ ਐਲਾਨ ਕਰ ਸਕਦਾ ਹੈ ਕਿ ਡੇਰਾ ਪ੍ਰੇਮੀ ਇਸ ਵਾਰ ਕਿਸ ਸਿਆਸੀ ਪਾਰਟੀ ਨੂੰ ਸਮਰਥਨ ਦੇਣਗੇ। ਇਸ ਵਾਰ ਇਹ ਐਲਾਨ ਲੋਕਾਂ ਵਿੱਚ ਨਹੀਂ ਸਗੋਂ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਦੇ ਰੂਪ ਵਿੱਚ ਹੀ ਪਹੁੰਚੇਗਾ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦਾ ਸਮਰਥਨ ਕੀਤਾ ਸੀ। ਇਸ ਕਾਰਨ ਤੇਜ਼ੀ ਨਾਲ ਵਧ ਰਹੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਉਠਾਉਣਾ ਪਿਆ।
ਇਸ ਸਮੇਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜੋ ਸਰਵੇਖਣ ਕਰਕੇ ਆਪਣੀ ਰਿਪੋਰਟ ਸਿਆਸੀ ਵਿੰਗ ਨੂੰ ਸੌਂਪਣਗੀਆਂ। ਇਸ ਤੋਂ ਇਲਾਵਾ ਵਿੰਗ ਨੇ ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਵੀ ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 18 ਫਰਵਰੀ ਨੂੰ ਸੂਬੇ ‘ਚ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਤੇ 20 ਫਰਵਰੀ ਨੂੰ ਉਮੀਦਵਾਰਾਂ ਦੀ ਕਿਸਮਤ EVM ‘ਚ ਬੰਦ ਹੋ ਜਾਵੇਗੀ।












