ਪੰਜਾਬੀ ਅਦਾਕਾਰ ਤੇ ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਦੀਪ ਸਿੱਧੂ ਆਪਣੀ ਮਹਿਲਾ ਦੋਸਤ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੁੰਡਲੀ ਮਾਨੇਸਰ (ਕੇ. ਐੱਮ. ਪੀ.) ਹਾਈਵੇ ’ਤੇ ਵਾਪਰੇ ਸੜਕ ਹਾਦਸੇ ’ਚ ਦੀਪ ਸਿੱਧੂ ਦੀ ਮੌਤ ਹੋਈ। ਇਸ ਕਾਰ ‘ਚ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਸਫ਼ਰ ਕਰ ਰਹੀ ਸੀ।

ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਹਾਦਸੇ ਵੇਲੇ ਉਸ ਨੂੰ ਨੀਂਦ ਆ ਗਈ ਸੀ। ਪੁਲਿਸ ਨੇ ਦੱਸਿਆ ਕਿ ਗੱਡੀ ਵਿੱਚ ਲੱਗੇ ਏਅਰਬੈਗ ਕਰਕੇ ਉਹ ਸੁਰੱਖਿਅਤ ਬੱਚ ਗਈ। ਹਾਲਾਂਕਿ, ਕਾਰ ਵਿੱਚ ਦੀਪ ਵੱਲ ਲੱਗਾ ਏਅਰਬੈਗ ਫਟ ਗਿਆ। ਪੁਲਿਸ ਨੇ ਦੱਸਿਆ ਕਿ ਦੀਪ ਦੀ ਐੱਨ.ਆਰ.ਆਈ. ਦੋਸਤ 13 ਜਨਵਰੀ ਨੂੰ ਅਮੇਰਿਕਾ ਤੋਂ ਭਾਰਤ ਆਈ ਸੀ। ਦੋਵੇਂ ਗੁਰੂਗ੍ਰਾਮ ਦੇ ਓਬਰਾਏ ਹੋਟਲ ਵਿੱਚ ਠਹਿਰੇ ਹੋਏ ਸਨ। ਸ਼ਾਮ ਲਗਭਗ ਸਾਢੇ ਸੱਤ ਵਜੇ ਗੁਰੂਗ੍ਰਾਮ ਤੋਂ ਨਿਕਲਣ ਪਿੱਛੋਂ ਉਨ੍ਹਾਂ ਨੇ ਬਾਦਲੀ ਟੋਲ ਪਲਾਜ਼ਾ ਤੋਂ ਕੇ.ਐੱਮ.ਪੀ. ਰੂਟ ਲਿਆ। ਘਟਨਾ ਖਰਖੌਦਾ ਦੇ ਕੋਲ ਹਾਦਸਾ ਰਾਤ 8 ਤੋਂ 8:30 ਵਜੇ ਵਿਚਕਾਰ ਵਾਪਰਿਆ।

ਹਾਦਸੇ ਸਮੇਂ ਦੀਪ ਸਿੱਧੂ ਖੁਦ ਸਕਾਰਪੀਓ ਚਲਾ ਰਹੇ ਸਨ ਅਤੇ ਉਨ੍ਹਾਂ ਨਾਲ ਇੱਕ ਐਨਆਰਆਈ ਦੋਸਤ ਵੀ ਸੀ। ਹਾਦਸੇ ਦੌਰਾਨ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੀਪ ਸਿੱਧੂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਸੋਨੀਪਤ ਦੇ ਐਸਪੀ ਰਾਹੁਲ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਰਾਈਵਰ ਅਜੇ ਫਰਾਰ ਹੈ।












