ਮਲੇਰਕੋਟਲਾ, 16 ਫਰਵਰੀ 2022 – ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਤੋਂ ਅਤੇ ਅਮਰਗੜ੍ਹ ਤੋਂ ਪਾਰਟੀ ਉਮੀਦਵਾਰਾਂ ਸ੍ਰੀਮਤੀ ਫਰਜ਼ਾਨਾ ਆਲਮ ਅਤੇ ਸਰਦਾਰ ਅਲੀ ਦੇ ਸਮਰਥਨ ਵਿੱਚ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਦੇ ਲੋਕਾਂ ਦੇ ਖਿਲਾਫ ਨਹੀਂ ਹਨ, ਸਗੋਂ ਪਾਕਿਸਤਾਨ ਦੇ ਸ਼ਾਸਕਾਂ ਅਤੇ ਫੌਜ ਦੇ ਖਿਲਾਫ ਹਨ ਜੋ ਹਮੇਸ਼ਾ ਤੋਂ ਭਾਰਤ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ ਅਤੇ ਸਰਹੱਦਾਂ ‘ਤੇ ਭਾਰਤੀ ਜਵਾਨਾਂ ਨੂੰ ਮਾਰਦੇ ਰਹੇ ਹਨ।
ਸਾਬਕਾ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੇ ਮੁੱਖ ਮੰਤਰੀ ਅਹੁਦੇ ਲਈ ਇੱਕ “ਗਰੀਬ” ਉਮੀਦਵਾਰ ਨਾਮਜ਼ਦ ਕਰਨ ਦੇ ਦਾਅਵੇ ਦੀ ਖਿੱਲੀ ਉਡਾਈ। ਉਨ੍ਹਾਂ ਕਿਹਾ ਕਿ ਚੰਨੀ ਸੈਂਕੜੇ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਅਤੇ ਚੋਣਾਂ ਲੜਨ ਵਾਲੇ ਸਭ ਤੋਂ ਅਮੀਰ ਉਮੀਦਵਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਗਰੀਬ ਹੋਣਾ ਕਿਸੇ ਨੂੰ ਮੁੱਖ ਮੰਤਰੀ ਬਣਨ ਦੇ ਯੋਗ ਨਹੀਂ ਬਣਾ ਸਕਦਾ।
ਕੈਪਟਨ ਨੇ ਕਿਹਾ ਕਿ ਇਹ ਚੋਣਾਂ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨ ਗਈਆਂ ਕਿਉਂਕਿ ਪੰਜਾਬ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਸਨੂੰ ਸਿਰਫ ਓਹਨਾਂ ਦੀ ਡਬਲ ਇੰਜਣ ਸਰਕਾਰ ਹੀ ਹੱਲ ਕਰ ਸਕਦੀ ਹੈ। ਲੋਕਾਂ ਨੂੰ ਚੰਗੇ ਭਵਿੱਖ ਲਈ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰਾਂ ਨੂੰ ਚੁਣਨ ਦੀ ਅਪੀਲ ਕਰਦਿਆਂ ਉਨ੍ਹਾਂ ਯਾਦ ਦਿਵਾਇਆ ਕਿ ਉਨ੍ਹਾਂ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਨਾਲ-ਨਾਲ ਇੱਥੇ ਮੈਡੀਕਲ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ ਸੀ। ਉਨ੍ਹਾਂ ਸੂਬੇ ਵਿੱਚ ਭਾਜਪਾ-ਪੀ.ਐਲ.ਸੀ.-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਰਕਾਰ ਬਣਨ ’ਤੇ ਸ਼ਹਿਰ ਵਿੱਚ ਯੂਨੀਵਰਸਿਟੀ ਸਥਾਪਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਸਥਾਨਕ ਲੋਕਾਂ ਦੀਆਂ ਮੰਗਾਂ ਦਾ ਹੁੰਗਾਰਾ ਭਰਦੇ ਹੋਏ ਮਲੇਰਕੋਟਲਾ ਨੂੰ ਨਗਰ ਨਿਗਮ ਬਣਾਉਣ ਦਾ ਵਾਅਦਾ ਵੀ ਕੀਤਾ ਤਾਂ ਜੋ ਇੱਥੇ ਆਮ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਕੀਤਾ ਜਾ ਸਕੇ











