ਚੰਡੀਗੜ੍ਹ : – ਦੇਹਰਾਦੂਨ ਸਥਿਤ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ (RIMC) ਦੀ ਪ੍ਰਵੇਸ਼ ਪ੍ਰੀਖਿਆ 4 ਜੂਨ ਨੂੰ ਹੋਵੇਗੀ। ਇਹ ਪ੍ਰੀਖਿਆ ਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ ਹੋਵੇਗੀ। ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਅਨੁਸਾਰ ਪ੍ਰੀਖਿਆ ਲਈ ਬਿਨੈ ਕਰਨ ਦੀ ਆਖਰੀ ਮਿਤੀ 25 ਅਪ੍ਰੈਲ ਹੈ। ਇਸ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਬਿਨੈ-ਪੱਤਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਡਾਇਰੈਕਟੋਰੇਟ ਸੈਨਿਕ ਭਵਨ, ਸੈਕਟਰ 21-ਡੀ, ਚੰਡੀਗੜ੍ਹ ਨੂੰ ਭੇਜਿਆ ਜਾਣਾ ਹੈ।
ਬੁਲਾਰੇ ਅਨੁਸਾਰ RIMC ਦੇਹਰਾਦੂਨ ਵਿੱਚ ਦਾਖ਼ਲੇ ਲਈ ਲੜਕੇ ਅਤੇ ਲੜਕੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਹਨ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਉਮਰ 1 ਜਨਵਰੀ, 2023 ਤੱਕ ਸਾਢੇ 11 ਸਾਲ ਤੋਂ ਘੱਟ ਅਤੇ 13 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਵਿਦਿਆਰਥੀ ਦਾ ਜਨਮ 2 ਜਨਵਰੀ 2010 ਤੋਂ ਪਹਿਲਾਂ ਅਤੇ 1 ਜੁਲਾਈ 2011 ਤੋਂ ਬਾਅਦ ਵਿੱਚ ਨਹੀਂ ਹੋਣਾ ਚਾਹੀਦਾ ਹੈ।
ਦਾਖਲੇ ਦੇ ਸਮੇਂ, ਵਿਦਿਆਰਥੀ ਨੇ 1 ਜਨਵਰੀ, 2023 ਤੱਕ 5ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ 5ਵੀਂ ਜਮਾਤ ਵਿੱਚ ਪੜ੍ਹ ਰਿਹਾ ਹੋਣਾ ਚਾਹੀਦਾ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਅੱਠਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ।
ਵਿਦਿਆਰਥੀਆਂ ਨੂੰ ਅੰਗਰੇਜ਼ੀ, ਗਣਿਤ ਅਤੇ ਜਨਰਲ ਨਾਲੇਜ ਦੇ ਪੇਪਰ ਦੇਣੇ ਹੋਣਗੇ। ਇੰਟਰਵਿਊ ਸਮੇਤ ਹਰੇਕ ਪੇਪਰ ਵਿੱਚ ਘੱਟੋ-ਘੱਟ 50% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਲਿਖਤੀ ਪ੍ਰੀਖਿਆ ਪਾਸ ਕਰਨ ਵਾਲਿਆਂ ਦੀ ਇੰਟਰਵਿਊ ਹੋਵੇਗੀ।












