ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਜ਼ਬਰਦਸਤ ਜਿੱਤ ਨਾਲ, ਪਾਰਟੀ ਦੀਆਂ ਮਹਿਲਾ ਉਮੀਦਵਾਰ ਕਈ ਦਿੱਗਜਾਂ ਨੂੰ ਹਰਾ ਕੇ ਇੱਕ ਤਾਕਤ ਬਣ ਕੇ ਉਭਰੀ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁੱਲ 93 ਮਹਿਲਾ ਉਮੀਦਵਾਰਾਂ ਵਿੱਚੋਂ 13 ਜੇਤੂ ਰਹੀਆਂ ਹਨ, ਜਿਨ੍ਹਾਂ ਵਿੱਚੋਂ 11 ਆਮ ਆਦਮੀ ਪਾਰਟੀ ਦੀਆਂ ਹਨ। ਸੂਬੇ ਦੀ ਸਭ ਤੋਂ ਹੌਟ ਸੀਟ ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਦੀ ਜੀਵਨਜੋਤ ਕੌਰ ਨੇ ਆਪਣੇ ਵਿਰੋਧੀ ਦਿੱਗਜ ਨੇਤਾ ਨਵਜੋਤ ਸਿੰਘ ਨੂੰ ਕਰਾਰੀ ਹਾਰ ਦਿੱਤੀ ਹੈ। ਦੂਜੇ ਪਾਸੇ ਸੰਗਰੂਰ ਸੀਟ ਤੋਂ ਨਰਿੰਦਰ ਕੌਰ ਭਾਰਜ ਨੇ ਪੰਜਾਬ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਹਰਾਇਆ ਹੈ। ਜਿੱਤਣ ਵਾਲੇ ਬਹੁਤੇ ਉਮੀਦਵਾਰ ਨਵੇਂ ਹੋਣ ਦੇ ਬਾਵਜੂਦ ‘ਆਪ’ ਨੂੰ ਜਿੱਤ ਦਿਵਾਉਣ ਵਿੱਚ ਕਾਮਯਾਬ ਰਹੇ।
ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਭਾਵੇਂ ਪਾਰਟੀਆਂ ਨੇ ਔਰਤਾਂ ਦੇ ਸਸ਼ਕਤੀਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਸੂਚੀ ਵਿੱਚ ਔਰਤਾਂ ਬਹੁਤ ਪਿੱਛੇ ਰਹਿ ਗਈਆਂ। ਕਾਂਗਰਸ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਸਾਂਝਾ ਮੋਰਚਾ, ਕਿਸੇ ਵੀ ਪਾਰਟੀ ਨੇ ਔਰਤਾਂ ਨੂੰ ਕੋਈ ਤਰਜੀਹ ਨਹੀਂ ਦਿੱਤੀ।
ਇਹ ਹਨ ‘ਆਪ’ ਦੀਆਂ ਜੇਤੂ ਮਹਿਲਾ ਉਮੀਦਵਾਰ
- ਅੰਮ੍ਰਿਤਸਰ ਪੂਰਬੀ: ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 6750 ਵੋਟਾਂ ਦੇ ਫਰਕ ਨਾਲ ਹਰਾਇਆ।
- ਸੰਗਰੂਰ: ‘ਆਪ’ ਦੀ ਨਰਿੰਦਰ ਕੌਰ ਭਾਰਜ ਨੇ ਪੰਜਾਬ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ 36,430 ਵੋਟਾਂ ਨਾਲ ਹਰਾਇਆ।
- ਬਲਾਚੌਰ: ਸੰਤੋਸ਼ ਕੁਮਾਰੀ ਕਟਾਰੀਆ ਨੇ ਅਕਾਲੀ ਦਲ ਦੀ ਸੁਨੀਤਾ ਰਾਣੀ ਨੂੰ 4541 ਵੋਟਾਂ ਦੇ ਫਰਕ ਨਾਲ ਹਰਾਇਆ।
- ਜਰਗੋਂ: ਸਰਵਜੀਤ ਕੌਰ ਮਾਣੂੰਕੇ ਨੇ ਅਕਾਲੀ ਦਲ ਦੀ ਐਸਆਰ ਕਲੇਰ ਨੂੰ 39,656 ਵੋਟਾਂ ਦੇ ਫਰਕ ਨਾਲ ਹਰਾਇਆ।
- ਤਲਵੰਡੀ ਸਾਬੋ : ਪ੍ਰੋ. ਬਲਜਿੰਦਰ ਕੌਰ ਨੇ ਅਕਾਲੀ ਦਲ ਦੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ 15,252 ਵੋਟਾਂ ਦੇ ਫਰਕ ਨਾਲ ਹਰਾਇਆ।
- ਖਰੜ: ਗਾਇਕ ਅਨਮੋਲ ਗਗਨ ਮਾਨ ਨੇ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 37,885 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
- ਲੁਧਿਆਣਾ ਦੱਖਣੀ : ਰਜਿੰਦਰਪਾਲ ਕੌਰ ਨੇ ਭਾਜਪਾ ਦੇ ਸਤਿੰਦਰਪਾਲ ਸਿੰਘ ਤਾਜਪੁਰੀ ਨੂੰ 26,138 ਵੋਟਾਂ ਦੇ ਫਰਕ ਨਾਲ ਹਰਾਇਆ।
- ਮੋਗਾ: ਅਮਨਦੀਪ ਕੌਰ ਅਰੋੜਾ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ 20,915 ਵੋਟਾਂ ਦੇ ਫਰਕ ਨਾਲ ਹਰਾਇਆ।
- ਮਲੋਟ: ਬਲਜੀਤ ਕੌਰ ਨੇ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 40,261 ਵੋਟਾਂ ਦੇ ਫਰਕ ਨਾਲ ਹਰਾਇਆ।
- ਨਕੋਦਰ : ਇੰਦਰਜੀਤ ਕੌਰ ਮਾਨ ਨੇ ਅਕਾਲੀ ਦਲ ਦੇ ਜੀ. ਪ੍ਰਤਾਪ ਵਡਾਲਾ 2,869 ਵੋਟਾਂ ਦੇ ਫਰਕ ਨਾਲ ਜਿੱਤੇ।
- ਰਾਜਪੁਰਾ: ਨੀਨਾ ਮਿੱਤਲ ਨੇ ਭਾਜਪਾ ਦੀ ਜਗਦੀਸ਼ ਕੌਰ ਜੱਗਾ ਨੂੰ 22,493 ਵੋਟਾਂ ਦੇ ਫਰਕ ਨਾਲ ਹਰਾਇਆ।












