ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਮੁਕੰਮਲ ਹੋ ਗਈ ਹੈ। ਪਹਿਲੇ ਦਿਨ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰੋਟਮ ਸਪੀਕਰ ਡਾ: ਇੰਦਰਬੀਰ ਸਿੰਘ ਨਿੱਝਰ ਨੇ ਵਿਧਾਇਕਾਂ ਨੂੰ ਸਹੁੰ ਚੁਕਾਈ। ਇਸ ਦੀ ਸ਼ੁਰੂਆਤ ਨਵੇਂ ਸੀਐਮ ਭਗਵੰਤ ਮਾਨ ਨੇ ਕੀਤੀ ਸੀ। ਇਸ ਤੋਂ ਬਾਅਦ ਹੋਰ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ।
ਸਹੁੰ ਚੁੱਕਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਇਸ ਵਾਰ 90 ਵਿਧਾਇਕ ਪਹਿਲੀ ਵਾਰ ਜਿੱਤ ਕੇ ਪੰਜਾਬ ਵਿਧਾਨ ਸਭਾ ਪਹੁੰਚੇ ਹਨ। ਇਸ ਤੋਂ ਇਲਾਵਾ 17 ਵਿਧਾਇਕ ਦੂਜੀ ਵਾਰ, 6 ਤੀਜੀ ਵਾਰ, 3 ਚੌਥੀ ਵਾਰ ਅਤੇ 1 ਵਿਧਾਇਕ 5ਵੀਂ ਵਾਰ ਜਿੱਤੇ ਹਨ। ਹਾਲਾਂਕਿ ਭਾਜਪਾ ਦੇ ਦੋ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਜੰਗੀ ਲਾਲ ਮਹਾਜਨ ਅੱਜ ਸਹੁੰ ਨਹੀਂ ਚੁੱਕਣਗੇ। ਉਨ੍ਹਾਂ ਦਾ ਸਹੁੰ ਚੁੱਕ ਸੈਸ਼ਨ ਦੇ ਆਖਰੀ ਦਿਨ ਯਾਨੀ 22 ਮਾਰਚ ਨੂੰ ਹੋਵੇਗਾ।












