‘ਬਿੱਗ ਬੌਸ ਓਟੀਟੀ’ ਦੀ ਜੋੜੀ ਰਾਕੇਸ਼ ਬਾਪਟ ਅਤੇ ਸ਼ਮਿਤਾ ਸ਼ੈੱਟੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਉਨ੍ਹਾਂ ਦੇ ਬ੍ਰੇਕਅੱਪ ਦੀ ਖਬਰ ਨੇ ਸੁਰਖੀਆਂ ਬਟੋਰੀਆਂ, ਹਾਲਾਂਕਿ ਸ਼ਮਿਤਾ ਅਤੇ ਰਾਕੇਸ਼ ਨੇ ਖੁਦ ਇੰਸਟਾਗ੍ਰਾਮ ਸਟੋਰੀ ਰਾਹੀਂ ਇਸ ਨੂੰ ਅਫਵਾਹ ਦੱਸਿਆ ਸੀ। ਪਰ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਰਾਕੇਸ਼ ਅਤੇ ਸ਼ਮਿਤਾ ਨੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਦਾਕਾਰ ਨੇ ਸ਼ਮਿਤਾ ਸ਼ੈੱਟੀ ਨੂੰ ਆਪਣਾ ਦੋਸਤ ਦੱਸਿਆ ਤੇ ਕਿਹਾ ਕਿ ਉਹ ਇਸ ਰਿਸ਼ਤੇ ਨੂੰ ਕੋਈ ਨਾਂ ਨਹੀਂ ਦੇਣਾ ਚਾਹੁੰਦੇ।
ਇਕ ਇੰਟਰਵਿਊ ਦੌਰਾਨ ਰਾਕੇਸ਼ ਕੋਲੋਂ ਸਵਾਲ ਕੀਤਾ ਗਿਆ ਸੀ ਕਿ ਉਸ ਦੇ ਤੇ ਸ਼ਮਿਤਾ ਦੇ ਬ੍ਰੇਕਅੱਪ ਦੀਆਂ ਜੋ ਅਫਵਾਹਾਂ ਸਨ, ਉਹ ਉਸ ’ਤੇ ਕੀ ਕਹਿਣਾ ਚਾਹੁਣਗੇ? ਇਸ ਦਾ ਜਵਾਬ ਦਿੰਦਿਆਂ ਅਦਾਕਾਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਐਨਰਜੀ ਦੀ ਗੱਲ ਹੁੰਦੀ ਹੈ, ਜਿਸ ਨੂੰ ਦੋ ਲੋਕ ਇਕੱਠੇ ਲੈ ਕੇ ਚੱਲਦੇ ਹਨ। ਅਸੀਂ ਇਕ ਹੈਪੀ ਜ਼ੋਨ ’ਚ ਹਾਂ ਤੇ ਉਹ ਮੇਰੀ ਬਹੁਤ ਚੰਗੀ ਦੋਸਤ ਹੈ।’ ਰਾਕੇਸ਼ ਬਾਪਟ ਨੇ ਸ਼ਮਿਤਾ ਸ਼ੈੱਟੀ ਨਾਲ ਆਪਣੇ ਰਿਸ਼ਤੇ ’ਤੇ ਅੱਗੇ ਕਿਹਾ, ‘ਦੋਸਤੀ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ, ਜਿਸ ਨਾਲ ਕੋਈ ਵੀ ਇਸ ਨੂੰ ਪ੍ਰਭਾਵਿਤ ਨਾ ਕਰ ਸਕੇ। ਉਹ ਇਕ ਸਾਫ ਰੂਹ ਹੈ ਤੇ ਮੈਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹਾਂ, ਜੋ ਈਮਾਨਦਾਰ ਹੋਣ। ਸਾਡੀ ਪਸੰਦ ਕਾਫੀ ਮਿਲਦੀ ਹੈ ਤੇ ਆਪਣੀ ਤਰ੍ਹਾਂ ਦੇ ਦਿਮਾਗ ਵਾਲੇ ਇਨਸਾਨ ਨਾਲ ਬਾਂਡਿੰਗ ਬਣਾਉਣਾ ਕਾਫੀ ਚੰਗਾ ਹੈ।’












