ਗੁਰੂਹਰ ਸਹਾਏ, 28 ਮਾਰਚ 2022 – ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ 2015 ‘ਚ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਧਰਨੇ ‘ਚ ਸ਼ਮੂਲੀਅਤ ਕਰਨ ਲਈ ਸਮਾਜ ਸੇਵੀ ਹਰਪ੍ਰੀਤ ਸਿੰਘ ਗੋਲੂ ਕਾ ਮੋੜ ਦੀ ਅਗਵਾਈ ‘ਚ ਅੱਜ ਮੰਗਲਵਾਰ ਨੂੰ ਜਥਾ ਰਵਾਨਾ ਹੋਵੇਗਾ। ਜਿਸ ਲਈ ਜਥਾ ਹੁਣ ਥੋੜੀ ਦੇਰ ਬਾਅਦ ਰਵਾਨਾ ਹੋਵੇਗਾ।
ਸਮਾਜ ਸੇਵੀ ਹਰਪ੍ਰੀਤ ਸਿੰਘ ਗੋਲੂ ਕਾ ਮੋੜ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਬਰਗਾੜੀ ‘ਚ ਵੱਡੀ ਗਿਣਤੀ ‘ਚ ਪਹੁੰਚੋ ਤਾਂ ਜੋ ਸਰਕਾਰ ‘ਤੇ ਦਬਾਅ ਬਣ ਸਕੇ। ਆਪ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ‘ਤੇ 24 ਘੰਟਿਆਂ ‘ਚ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਜੇਲ੍ਹ ‘ਚ ਸੁੱਟਿਆ ਜਾਵੇਗਾ, ਪਰ ਕੀ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਈ।
ਹਰਪ੍ਰੀਤ ਗੋਲੂ ਕਾ ਮੋੜ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਬੇਅਦਬੀ ਕਰੇ ੲਹਿ ਅਸੀਂ ਕਿਸੇ ਵੀ ਕਿਸਮ ‘ਤੇ ਬਰਦਾਸ਼ਤ ਨਹੀਂ ਕਰਾਂਗੇ, ਬੇਅਦਬੀਆਂ ਦਾ ਇਨਸਾਫ ਲੈਣਾ ਸਾਡੇ ਲਈ ਸਭ ਤੋਂ ਪਹਿਲਾਂ ਹੈ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਇਸ ਧਰਨੇ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਗੁਰੂਆਂ ਤੋਂ ਬਿਨਾਂ ਅਸੀਂ ਕੁੱਝ ਵੀ ਨਹੀਂ।
ਬਰਗਾੜੀ ਧਰਨੇ ‘ਚ ਹਰਪ੍ਰੀਤ ਸਿੰਘ ਦੇ ਨਾਲ ਵਿੱਕੀ ਕਾਹਨ ਸਿੰਘ, ਜੋਗਿੰਦਰ ਪਾਲ ਭਾਟਾ, ਪਵਨ ਤਿਰਪਾਲ ਕੇ, ਅਤੇ ਹੋਰ ਸਾਥੀ ਵੱਡੀ ਗਿਣਤੀ ‘ਚ ਸ਼ਾਮਿਲ ਹੋਣਗੇ।












