ਅੱਜ ਦੇ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਖੇ 25 ਤੋਂ 30 ਹਜ਼ਾਰ ਲੋਕ ਮੌਜੂਦ ਸਨ। ਫਿਰ ਜਨਰਲ ਡਾਇਰ ਆਪਣੇ ਸਿਪਾਹੀਆਂ ਨਾਲ ਉਥੇ ਆਇਆ ਅਤੇ ਉਥੇ ਮੌਜੂਦ ਨਿਹੱਥੇ ਲੋਕਾਂ ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਬਾਗ ਵਿੱਚ ਹਫੜਾ-ਦਫੜੀ ਮੱਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਕਈ ਲੋਕਾਂ ਨੇ ਬਾਗ ਵਿੱਚ ਖੂਹ ਵਿੱਚ ਛਾਲ ਮਾਰ ਦਿੱਤੀ। ਕਰੀਬ 10 ਮਿੰਟ ਤੱਕ ਗੋਲੀਬਾਰੀ ਜਾਰੀ ਰਹੀ, ਜਿਸ ‘ਚ ਕਰੀਬ 1000 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਘਟਨਾ ਦੀ ਜਾਂਚ ਲਈ ਬਣਾਈ ਗਈ ਹੰਟਰ ਕਮੇਟੀ ਨੇ ਮਰਨ ਵਾਲਿਆਂ ਦੀ ਗਿਣਤੀ 379 ਦੱਸੀ ਹੈ।

ਇਸ ਪੂਰੀ ਘਟਨਾ ਦੌਰਾਨ ਊਧਮ ਸਿੰਘ ਨਾਂ ਦਾ ਨੌਜਵਾਨ ਵੀ ਮੌਜੂਦ ਸੀ। ਉਹ ਪੂਰੇ ਕਤਲੇਆਮ ਦਾ ਗਵਾਹ ਸੀ। ਉਸਨੇ ਬ੍ਰਿਟਿਸ਼ ਸਰਕਾਰ ਦੇ ਇਸ ਜ਼ੁਲਮ ਦਾ ਬਦਲਾ ਲੈਣ ਦਾ ਦ੍ਰਿੜ ਇਰਾਦਾ ਬਣਾ ਲਿਆ। ਊਧਮ ਸਿੰਘ ਨੇ ਜਨਰਲ ਡਾਇਰ ਅਤੇ ਪੰਜਾਬ ਦੇ ਤਤਕਾਲੀ ਗਵਰਨਰ ਮਾਈਕਲ ਓਡਵਾਇਰ ਨੂੰ ਸਬਕ ਸਿਖਾਉਣ ਦੀ ਸਹੁੰ ਖਾਧੀ, ਪਰ ਜੁਲਾਈ 1927 ਵਿੱਚ ਜਨਰਲ ਡਾਇਰ ਦੀ ਬਰੇਨ ਹੈਮਰੇਜ ਕਾਰਨ ਮੌਤ ਹੋ ਗਈ। ਫਿਰ ਊਧਮ ਸਿੰਘ ਦਾ ਨਿਸ਼ਾਨਾ ਮਾਈਕਲ ਓਡਵਾਇਰ ਸੀ।

13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਖੇ ਮੀਟਿੰਗ ਰੱਖੀ ਗਈ । ਮਾਈਕਲ ਓਡਵਾਇਰ ਵੀ ਉਥੇ ਮੌਜੂਦ ਸਨ। ਊਧਮ ਸਿੰਘ ਵੀ ਉਥੇ ਪਹੁੰਚ ਗਏ। ਮੀਟਿੰਗ ਤੋਂ ਬਾਅਦ ਊਧਮ ਸਿੰਘ ਨੇ ਪਿਸਤੌਲ ਨਾਲ ਛੇ ਫਾਇਰ ਕੀਤੇ। ਮਾਈਕਲ ਓਡਵਾਇਰ ਨੂੰ ਦੋ ਗੋਲੀਆਂ ਲੱਗੀਆਂ ਅਤੇ ਇਸ ਨਾਲ ਜਲ੍ਹਿਆਂਵਾਲਾ ਬਾਗ ਦਾ ਬਦਲਾ ਪੂਰਾ ਹੋ ਗਿਆ।













