ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਦਿੱਲੀ ਐਨਸੀਆਰ ਦੇ 4 ਸਕੂਲਾਂ ਤੋਂ ਕੋਵਿਡ ਦੇ 19 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 3 ਅਧਿਆਪਕਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਕੁਝ ਸਕੂਲ ਬੰਦ ਕਰ ਦਿੱਤੇ ਗਏ। ਸਕੂਲਾਂ ਦੀ ਸਵੱਛਤਾ ਕਰਕੇ ਸਟਾਫ਼ ਅਤੇ ਵਿਦਿਆਰਥੀਆਂ ਦਾ ਰੈਪਿਡ ਟੈਸਟ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇੱਕ ਹਫ਼ਤੇ ਵਿੱਚ ਗੁਜਰਾਤ ਵਿੱਚ ਕੇਸਾਂ ਵਿੱਚ 89%, ਹਰਿਆਣਾ ਵਿੱਚ 50% ਅਤੇ ਦਿੱਲੀ ਵਿੱਚ 26% ਦਾ ਵਾਧਾ ਹੋਇਆ ਹੈ। ਕੁਝ ਦਿਨ ਪਹਿਲਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਇਕ ਨਿੱਜੀ ਸਕੂਲ ਦੇ ਦੋ ਵਿਦਿਆਰਥੀ ਕੋਵਿਡ ਪਾਜ਼ੀਟਿਵ ਪਾਏ ਗਏ ਸਨ। ਇਸ ਮਾਮਲੇ ਦੇ ਸਾਹਮਣੇ ਆਉਂਦਿਆਂ ਹੀ ਸਕੂਲ ਪ੍ਰਸ਼ਾਸਨ ਨੇ 3 ਦਿਨਾਂ ਲਈ ਸਕੂਲ ਬੰਦ ਕਰ ਦਿੱਤੇ ਸਨ। ਸਕੂਲ ਪ੍ਰਸ਼ਾਸਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਦੋ ਵਿਦਿਆਰਥੀਆ ਦੇ ਕੋਵਿਡ ਪਾਜ਼ੀਟਿਵ ਪਾਏ ਜਾਣ ਕਾਰਨ ਸਕੂਲ ਤਿੰਨ ਦਿਨਾਂ ਲਈ ਬੰਦ ਰਹਿਣਗੇ ਜਦ ਕਿ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ।
ਜੇਕਰ ਤੁਹਾਡਾ ਬੱਚਾ ਔਫਲਾਈਨ ਕਲਾਸਾਂ ਵਿੱਚ ਜਾਣ ਲਈ ਘਰ ਤੋਂ ਸਕੂਲ ਜਾਂਦਾ ਹੈ, ਤਾਂ ਮਾਪਿਆਂ ਅਤੇ ਸਕੂਲ ਪ੍ਰਬੰਧਨ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸਕੂਲ ਨੂੰ ਹਰ ਸ਼ਿਫਟ ਤੋਂ ਬਾਅਦ ਖੇਡ ਮੈਦਾਨ, ਲਾਇਬ੍ਰੇਰੀ, ਲੈਬ, ਜਿੰਮ, ਗਲਿਆਰਾ, ਟਾਇਲਟ, ਕਲਾਸਰੂਮ ਦੇ ਦਰਵਾਜ਼ੇ, ਸਵਿੱਚ ਬੋਰਡ, ਬਲੈਕਬੋਰਡ ਅਤੇ ਬੈਂਚ ਆਦਿ ਨੂੰ ਸੈਨੇਟਾਈਜ਼ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਕੋਵਿਡ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਸਿਹਤ ਮੰਤਰਾਲੇ ਨੇ ਪੰਜ ਰਾਜਾਂ ਨੂੰ ਚੇਤਾਵਨੀ ਜਾਰੀ ਕੀਤੀ ਸੀ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ ਅਤੇ ਮਿਜ਼ੋਰਮ ਦੀਆਂ ਸਰਕਾਰਾਂ ਨੂੰ ਪੱਤਰ ਲਿਖਿਆ ਸੀ। ਇਸ ਵਿਚ ਸਿਹਤ ਸਕੱਤਰ ਨੇ ਰਾਜਾਂ ਨੂੰ ਚੌਕਸੀ ਵਧਾਉਣ ਅਤੇ ਲਾਗ ਦੀ ਦਰ ਵਧਣ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ।












