ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਿਆ। ਇਸ ਦੌਰਾਨ ਆਪ ਵਿਧਾਇਕਾਂ ਨੇ ਇਕਜੁੱਟ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ਮੰਗ ਪੱਤਰ ਸੌਂਪਿਆ। ਜਥੇਦਾਰ ਸਾਹਿਬ ਦੀ ਗੈਰ-ਮੌਜੂਦਗੀ ‘ਚ ਇਹ ਮੰਗ ਪੱਤਰ ਉਨ੍ਹਾਂ ਦੇ ਨਿੱਜੀ ਸਹਾਇਕ (ਪੀਏ) ਬਗੀਚਾ ਸਿੰਘ ਨੂੰ ਸੌਂਪਿਆ ਗਿਆ। ਮੰਗ ਪੱਤਰ ਸੌਂਪਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਮਨਜਿੰਦਰ ਸਿੰਘ ਗਿਆਸਪੁਰਾ ਤੇ ਹੋਰ ਮੌਜੂਦ ਆਗੂਆਂ ਨੇ ਦਿੱਲੀ ਸਥਿਤ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦੇ ਪਰਿਸਰ ‘ਚ ਹੋਈ ਪੁਲਿਸ ਕਾਰਵਾਈ ਤੇ ਡੂੰਘਾ ਦੁੱਖ ਤੇ ਰੋਸ ਪ੍ਰਗਟਾਇਆ।
ਗੁਰਦੁਆਰਾ ਪਰਿਸਰ ਦੀ ਮਰਿਆਦਾ ਭੰਗ ਕਰਨ ਦਾ ਇਲਜ਼ਾਮ
ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਦਿੱਲੀ ‘ਚ ਗੁਰਦੁਆਰਾ ਬੰਗਲਾ ਸਾਹਿਬ ਦੇ ਪਰਿਸਰ ਅੰਦਰ ਦਿੱਲੀ ਪੁਲਿਸ ਦਾ ਦਾਖ਼ਲ ਹੋਣਾ ਤੇ ਧਾਰਮਿਕ ਮਰਿਆਦਾ ਦੀ ਉਲੰਘਣਾ ਕਰਨਾ ਬੇਹੱਦ ਦੁਖਦਾਈ ਤੇ ਚਿੰਤਾਜਨਕ ਘਟਨਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਜੁੱਤੀਆਂ ਪਹਿਨ ਕੇ ਤੇ ਸਿਰ ਨੰਗੇ ਰੱਖ ਕੇ ਗੁਰਦੁਆਰਾ ਸਾਹਿਬ ਦੇ ਪਰਿਸਰ ‘ਚ ਦਾਖ਼ਲ ਹੋ ਕੇ ਸਿੱਖ ਮਰਿਆਦਾ ਤੇ ਗੁਰੂ ਘਰ ਦੀ ਪਵਿੱਤਰਤਾ ਦਾ ਸਿੱਧਾ ਅਪਮਾਨ ਕੀਤਾ।
ਗਿਆਸਪੁਰਾ ਨੇ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਘਰ ਹਮੇਸ਼ਾ ਤੋਂ ਬੇਸਹਾਰਿਆਂ ਤੇ ਸ਼ਰਨ ਮੰਗਣ ਵਾਲਿਆਂ ਲਈ ਸਹਾਰਾ ਰਹੇ ਹਨ। ਜਦੋਂ ਵੀ ਲੋਕ ਸੰਕਟ’ਚ ਹੁੰਦੇ ਹਨ ਜਾਂ ਸ਼ਰਨ ਦੀ ਭਾਲ ਕਰਦੇ ਹਨ, ਗੁਰਦੁਆਰਿਆਂ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਰਹਿੰਦੇ ਹਨ। ਅਜਿਹੇ ਵਿੱਚ ਮਰਿਆਦਾ ਦਾ ਖ਼ਿਆਲ ਰੱਖੇ ਬਿਨਾਂ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕਰਨਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਤਰ੍ਹਾਂ ਦੀ ਅਵੱਗਿਆ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੀ।
ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਡਾ. ਇੰਦਰਬੀਰ ਸਿੰਘ ਨਿੱਝਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਇਤਿਹਾਸ ‘ਚ ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ਧਾਰਮਿਕ ਸਥਾਨਾਂ ਦੀ ਖ਼ੁਦਮੁਖ਼ਤਿਆਰੀ ਤੇ ਉਨ੍ਹਾਂ ਦੀ ਮਰਿਆਦਾ ਤੇ ਲਗਾਤਾਰ ਸੱਟ ਮਾਰੀ ਜਾ ਰਹੀ ਹੈ। ਡਾ. ਨਿੱਝਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਉਹ ਸਥਾਨ ਹੈ, ਜਿੱਥੇ ਹਰ ਵਿਅਕਤੀ ਨੂੰ ਸੁਰੱਖਿਆ, ਸ਼ਾਂਤੀ ਅਤੇ ਲੰਗਰ ਪ੍ਰਾਪਤ ਹੁੰਦਾ ਹੈ।












