ਚੰਡੀਗੜ੍ਹ ਬੁੜੈਲ ਜੇਲ੍ਹ ਵਿੱਚ ਸ਼ਨੀਵਾਰ ਦੀ ਰਾਤ ਨੂੰ ਮਿਲੇ ਬੰਬ ਨੂੰ ਐਨਐਸਜੀ ਦੀ ਨਿਗਰਾਨੀ ਵਿੱਚ ਧਮਾਕਾ ਕਰਵਾ ਦਿੱਤਾ ਗਿਆ। ਸ਼ਨੀਵਾਰ ਰਾਤ ਨੂੰ ਚੈਕਿੰਗ ਦੌਰਾਨ ਜੇਲ ਦੀ ਪਿਛਲੀ ਕੰਧ ਦੇ ਪਿੱਛੇ ਇਕ ਟਿਫਿਨ ਬੰਬ ਮਿਲਿਆ ਸੀ । ਐਨਐਸਜੀ ਕਮਾਂਡੋਜ਼ ਦੀ ਟੀਮ ਐਤਵਾਰ ਨੂੰ ਚੰਡੀਗੜ੍ਹ ਪਹੁੰਚੀ। ਐਤਵਾਰ ਦੁਪਹਿਰ 1.30 ਵਜੇ ਸ਼ੁਰੂ ਹੋਏ ਅਪਰੇਸ਼ਨ ਤੋਂ ਬਾਅਦ ਕਰੀਬ 4.15 ਵਜੇ ਜੇਲ੍ਹ ਦੇ ਪਿੱਛੇ ਬੰਬ ਧਮਾਕਾ ਕੀਤਾ ਗਿਆ। ਧਮਾਕੇ ਨਾਲ ਬਹੁਤ ਜ਼ੋਰਦਾਰ ਆਵਾਜ਼ ਆਈ।
ਸਾਰੀ ਰਾਤ ਪੁਲਿਸ ਵੱਲੋਂ ਮੌਕੇ ’ਤੇ ਪਹਿਰਾ ਦਿੱਤਾ ਗਿਆ। ਸਵੇਰੇ ਹੀ ਪੂਰਾ ਇਲਾਕਾ ਛਾਉਣੀ ਵਿੱਚ ਤਬਦੀਲ ਹੋ ਗਿਆ। ਡੈਟੋਨੇਟਰ ਬੰਬ ਡਿਸਪੋਜ਼ੇਬਲ ਖੂਹ ਦੇ ਅੰਦਰ ਰੱਖੇ ਗਏ ਸਨ। ਮੁਹਾਲੀ ਤੋਂ ਆਉਣ ਵਾਲੀ ਸੜਕ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ। ਹਾਈ ਸਕਿਓਰਿਟੀ ਬੁੜੈਲ ਜੇਲ੍ਹ ਦੀ ਕੰਧ ਦੇ ਪਿੱਛੇ ਵਿਸਫੋਟਕ ਸਮੱਗਰੀ ਮਿਲਣ ‘ਤੇ ਪੁਲਿਸ ਨੂੰ ਸ਼ੱਕ ਹੈ ਕਿ ਇਹ ਜੇਲ੍ਹ ਦੀ ਕੰਧ ਤੋੜ ਕੇ ਅੱਤਵਾਦੀਆਂ ਨੂੰ ਭਜਾਉਣ ਦੀ ਯੋਜਨਾ ਹੋ ਸਕਦੀ ਹੈ। ਇੱਥੇ ਡੇਟੋਨੇਟਰ ਦੇ ਨਾਲ ਇੱਕ ਸੜੀ ਹੋਈ ਤਾਰ ਵੀ ਮਿਲੀ ਹੈ। ਬੁੜੈਲ ਜੇਲ੍ਹ ਵਿੱਚ ਕਈ ਗੈਂਗਸਟਰ ਅਤੇ ਅਪਰਾਧੀ ਬੰਦ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਸਮੇਤ ਪੰਜ ਅੱਤਵਾਦੀ ਬੰਦ ਹਨ। ਦੱਸ ਦੇਈਏ ਕਿ ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ ਅਤੇ ਜਗਤਾਰ ਸਿੰਘ ਹਵਾਰਾ ਸਾਲ 2004 ਵਿੱਚ ਬੁੜੈਲ ਜੇਲ੍ਹ ਦੇ ਅੰਦਰੋਂ ਸੁਰੰਗ ਬਣਾ ਕੇ ਫਰਾਰ ਹੋ ਗਏ ਸਨ। ਪੁਲਿਸ ਹੁਣ ਮੌਕੇ ਦਾ ਡੰਪ ਡਾਟਾ ਇਕੱਠਾ ਕਰ ਰਹੀ ਹੈ। ਇਸ ਨਾਲ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਮਦਦ ਮਿਲ ਸਕਦੀ ਹੈ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਦੇ ਬਾਹਰ ਦੀਵਾਰ ਨੇੜੇ ਕੈਮਰੇ ਲਾਉਣ ਦੀ ਤਜਵੀਜ਼ ਭੇਜੀ ਗਈ ਹੈ। ਜਲਦੀ ਹੀ ਜੇਲ੍ਹ ਦੇ ਬਾਹਰ ਕੈਮਰੇ ਲਗਾਏ ਜਾਣਗੇ।












