ਪਟਿਆਲਾ, 29 ਅਪ੍ਰੈਲ 2022 – ਸ੍ਰੀ ਮਾਤਾ ਕਾਲੀ ਦੇਵੀ ਮੰਦਰ ਮਾਲ ਰੋਡ ਤੇ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ‘ਚ ਜ਼ਬਰਦਸਤ ਪਥਰਾਅ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸੇ ਦੌਰਾਨ ਪੁਲਿਸ ਨੂੰ ਮਾਹੌਲ ਸ਼ਾਂਤ ਕਰਵਾਉਣ ਦੇ ਲਈ ਪੁਲਿਸ ਨੂੰ ਤਕਰੀਬਨ ਪੰਜ ਰਾਊਂਡ ਫਾਇਰ ਵੀ ਕਰਨੇ ਪਏ ਹਨ। ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵੀ ਇੱਥੇ ਪਹੁੰਚ ਚੁੱਕੀ ਹੈ।
ਅਜਿਹੇ ‘ਚ ਕੁਝ ਵੈੱਬ ਚੈਨਲਾਂ ਵੱਲੋਂ ਗ਼ਲਤ ਖਬਰਾਂ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਬਾਰੇ ਪਟਿਆਲਾ ਦੇ ਡੀ ਸੀ ਨੇ ਟਵਿੱਟਰ ‘ਤੇ ਪੋਸਟ ਪਾ ਕਿਹਾ ਹੈ ਕੇ ਕੁਝ ਵੈੱਬ ਚੈਨਲਾਂ ਵਲੋਂ ਪਟਿਆਲਾ ਵਿਖੇ ‘ਪ੍ਰਦਰਸ਼ਨਕਾਰੀਆਂ ਵਲੋਂ SHO ਦਾ ਹੱਥ ਕੱਟੇ ਜਾਣ’ ਦੀ ਖਬਰ ਚਲਾਈ ਜਾ ਰਹੀ ਹੈ ਜੋ ਨਿਰਆਧਾਰ ਹੈ ਅਤੇ ਅਜਿਹੀਆਂ ਅਫਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ।
ਅਸਲ ‘ਚ ਹਿੰਦੂ ਸੰਗਠਨਾਂ ਦੇ ਵੱਲੋਂ ਖ਼ਾਲਿਸਤਾਨ ਦੇ ਖਿਲਾਫ਼ ਅੱਜ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਸੀ, ਜਿਸ ਖਿਲਾਫ਼ ਸਿੱਖ ਜਥੇਬੰਦੀਆਂ ਭੜਕ ਉੱਠੀਆਂ ਅਤੇ ਉਨ੍ਹਾਂ ਵੱਲੋਂ ਵੀ ਮਾਰਚ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ। ਮਾਮਲਾ ਇੱਥੋਂ ਤੱਕ ਵੱਧ ਗਿਆ ਕਿ, ਪਟਿਆਲਾ ਦੀਆਂ ਸਾਰੀਆਂ ਸੜਕਾਂ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਈਆਂ। ਪੁਲਿਸ ਅਤੇ ਜਥੇਬੰਦੀਆਂ ਪਹਿਲੋਂ ਝੜਪ ਹੋਈ ਅਤੇ ਬਾਅਦ ਵਿੱਚ ਸਿੱਖ ਜਥੇਬੰਦੀਆਂ ਅਤੇ ਹਿੰਦੂ ਸੰਗਠਨ ਆਹਮੋ ਸਾਹਮਣੇ ਹੋ ਗਏ।












