ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਲੰਧਰ ਦੌਰੇ ਦੌਰਾਨ ਵੱਖ-ਵੱਖ ਸਿਆਸੀ ਆਗੂਆਂ ਨਾਲ ਕੀਤੀਆਂ ਮੁਲਾਕਾਤਾਂ ਤੋਂ ਬਾਅਦ ਸਿਆਸੀ ਹਲਕਿਆਂ ‘ਚ ਚਰਚਾ ਹੋ ਰਹੀ ਹੈ। ਇਸ ਦੌਰਾਨ ਡੇਰਾ ਮੁਖੀ ਨੇ ਕਾਂਗਰਸੀ ਆਗੂ ਪਰਗਟ ਸਿੰਘ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਜਪਾ ਆਗੂ ਸੁਸ਼ੀਲ ਰਿੰਕੂ ਨਾਲ ਵੀ ਮੁਲਾਕਾਤ ਕੀਤੀ।ਬਾਬਾ ਜੀ ਦਾ ਆਸ਼ੀਰਵਾਦ ਮਿਲਣਾ ਮੇਰੇ ਲਈ ਵੱਡੀ ਗੱਲ: ਪਰਗਟ ਸਿੰਘ
ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਵਰਗੇ ਨਿਮਾਣੇ ਬੰਦੇ ਨੂੰ ਬਾਬਾ ਜੀ ਦਾ ਅਸ਼ੀਰਵਾਦ ਮਿਲਣਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਸੁਖਾਵਾਂ ਹੋਣਾ ਚਾਹੀਦਾ ਹੈ, ਸਮਾਜ ‘ਚ ਏਕਤਾ ਬਣੀ ਰਹੇ ਤੇ ਪੰਜਾਬ ਦਾ ਅਸਲ ਕਿਰਦਾਰ ਬਰਕਰਾਰ ਰਹੇ। ਲੋਕ ਬਿਨਾਂ ਕਿਸੇ ਡਰ ਤੇ ਭੈਅ ਤੋਂ ਆਪਣੀ ਜ਼ਿੰਦਗੀ ਬਤੀਤ ਕਰ ਸਕਣ। ਉਨ੍ਹਾਂ ਮੁਤਾਬਕ ਮਹਾਂਪੁਰਸ਼ਾਂ ਦਾ ਵੀ ਇਹੀ ਆਸ਼ੀਰਵਾਦ ਹੈ ਤੇ ਲੋਕਾਂ ਦੀ ਵੀ ਇਹੀ ਆਸ ਹੈ ਕਿ ਪੰਜਾਬ ਇਸੇ ਦਿਸ਼ਾ ‘ਚ ਅੱਗੇ ਵਧੇ।ਕਾਂਗਰਸ ਦੇ ਸੀਨੀਅਰ ਆਗੂ ਹਰਦਿਆਲ ਸਿੰਘ ਕੰਬੋਜ ਵੱਲੋਂ ਭਾਜਪਾ ‘ਚ ਸ਼ਾਮਲ ਹੋਣ ਬਾਰੇ ਪੁੱਛੇ ਗਏ ਸਵਾਲ ‘ਤੇ ਪਰਗਟ ਸਿੰਘ ਨੇ ਕੇਂਦਰੀ ਏਜੰਸੀਆਂ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਕੇਂਦਰੀ ਏਜੰਸੀਆਂ ਕਿਵੇਂ ਕੰਮ ਕਰਦੀਆਂ ਹਨ। ਕੰਬੋਜ ‘ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਜਿਸ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ, ਉਹ ਜਾ ਸਕਦਾ ਹੈ। ਜੇਕਰ ਹੋਰ ਕੋਈ ਪਾਰਟੀ ਛੱਡ ਕੇ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਜਾਣ ਦੀ ਆਜ਼ਾਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਦੀ ਲੜਾਈ ਨਹੀਂ ਲੜ ਸਕਦੇ ਤੇ ਪੰਜਾਬ ਦੇ ਹੱਕ ਲਈ ਖੜ੍ਹੇ ਨਹੀਂ ਹੋ ਸਕਦੇ ਤਾਂ ਫਿਰ ਅਸੀਂ ਕਿਸ ਲਈ ਖੜ੍ਹੇ ਹੋਵਾਂਗੇ।












