ਸੁਲਤਾਨਪੁਰ ਲੋਧੀ, 2 ਮਈ 2022 – ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਸਾਈਕਲ ‘ਤੇ ਪੋਤੇ ਦੇ ਨਾਲ ਜਾਂਦੇ 70 ਸਾਲਾ ਬਜ਼ੁਰਗ ਬਾਬੇ ਦੇ ਧੱਕੇ ਨਾਲ ਟੀਕਾ ਲਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਅਸਲ ‘ਚ ਸੁਲਤਾਨਪੁਰ ਲੋਧੀ ਦੇ ਮੁਹੱਲਾ ਸਿੱਖਾ ਵਾਲਾ ਵਾਸੀ ਮਨਜੀਤ ਸਿੰਘ ਦੁਕਾਨ ਬੰਦ ਕਰਕੇ ਆਪਣੇ ਪੋਤੇ ਨਾਲ ਵਾਪਸ ਘਰ ਸਾਈਕਲ ਤੇ ਆ ਰਹੇ ਸਨ ਜਿਵੇਂ ਹੀ ਉਹ ਕੁੱਝ ਦੂਰੀ ਤੇ ਪਹੁੰਚੇ ਤਾਂ ਪਿੱਛੇ ਤੋ ਆਏ ਕੁੱਝ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਚੱਲਦੇ ਚੱਲਦੇ ਉਸਦੀ ਗਰਦਨ ਨੇੜੇ ਟੀਕਾ ਚੋਭ ਦਿੱਤਾ, ਪਰ ਗਣੀਮਤ ਇਹ ਰਹੀ ਕਿ ਸਰਿੰਜ ਟੁੱਟਣ ਕਾਰਨ ਟੀਕੇ ਵਿਚ ਭਰਿਆ ਪਦਾਰਥ ਮਨਜੀਤ ਸਿੰਘ ਦੇ ਸਰੀਰ ਵਿੱਚ ਨਹੀਂ ਜਾ ਸਕਿਆ। ਜਿਸ ਤੋ ਬਾਅਦ ਮਨਜੀਤ ਸਿੰਘ ਟੁੱਟਿਆ ਹੋਇਆ ਟੀਕਾ ਤੇ ਸਰੀਰਕ ਜਾਂਚ ਕਰਵਾਉਣ ਲਈ ਹਸਪਤਾਲ ਪਹੁੰਚ ਜਾਂਦੇ ਨੇ ਸਾਰੀ ਘਟਨਾ ਡਾਕਟਰਾਂ ਤੇ ਪੱਤਰਕਾਰਾਂ ਨੂੰ ਦੱਸਦੇ ਹਨ ਕਿ ਕਿਵੇਂ ਉਹਨਾਂ ਨਾਲ ਇਹ ਘਟਨਾ ਵਾਪਰੀ ਹੈ ।
ਪਹਿਲੀ ਨਜ਼ਰੇ ਇਹ ਘਟਨਾ ਬੇਸ਼ੱਕ ਤੁਹਾਨੂੰ ਛੋਟੀ ਜਾਪੇ ਪਰ ਇਹ ਇਕ ਗੰਭੀਰ ਤੇ ਜਾਂਚ ਦਾ ਵਿਸਾ ਹੈ ਜਿਸ ਪਿੱਛੇ ਛੁਪੇ ਸਰਾਰਤੀ ਅਨਸਰਾਂ ਦੇ ਮਨਸੂਬੇ ਕੀ ਹੋ ਸਕਦੇ ਹਨ ਇਹ ਨਵੇਂ ਖੁਲਾਸੇ ਟੀਕੇ ਦੀ ਜਾਂਚ ਤੋ ਬਾਅਦ ਹੀ ਸਾਹਮਣੇ ਆ ਸਕਦੇ ਹਨ, ਕਿਉਕਿ ਟੀਕੇ ਵਿੱਚ ਭਰਿਆ ਪਦਾਰਥ ਜਿੱਥੇ ਜਾਨਲੇਵਾ ਹੋ ਸਕਦਾ ਹੈ ਉੱਥੇ ਏਡਜ਼ ਜਿਹੀ ਬਿਮਾਰੀ ਦੇ ਫੈਲਾਅ ਲਈ ਵੀ ਵਰਤਿਆ ਜਾ ਸਕਦਾ ਹੈ। ਪਰਿਵਾਰ ਵੱਲੋਂ ਮੰਗ ਕੀਤੀ ਗਈ ਕਿ ਘਟਨਾ ਸਥਾਨ ਨੇੜੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਕੇ ਦੋਸੀ ਵਿਅਕਤੀਆਂ ਤੱਕ ਪਹੁੰਚਿਆ ਜਾਵੇ ਤੇ ਇਸ ਵਾਰਦਾਤ ਪਿੱਛੇ ਕੀ ਕਾਰਨ ਹਨ ਉਹਨਾਂ ਕਾਰਨਾਂ ਦਾ ਜਲਦ ਪਤਾ ਲਗਾਇਆ ਜਾਵੇ।
ਜਿਸ ਤੋਂ ਬਾਅਦ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕੇ ਉਹਨਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ। ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।












